ਝੋਨੇ ਦੀ ਲਗਾਈ ਸਬੰਧੀ ਪੰਚਾਇਤ ਪੰਚਾਇਤਾਂ ਅਤੇ ਕੁੱਝ ਸਰਾਰਤੀ ਅਨਸਰਾਂ ਵੱਲੋਂ ਪਾਏ ਜਾ ਰਹੇ ਗੈਰ ਵਿਧਾਨਿਕ ਮਤੇ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ - ਰਾਮਗੜ੍ਹ

ਪਟਿਆਲਾ , 10 ਜੂਨ (ਦਵਿੰਦਰ ਕੁਮਾਰ) - ਅੱਜ ਇੱਥੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ ਨੇ ਦੱਸਿਆ ਕਿ ਕੁੱਝ ਗਰਾਮ ਪੰਚਾਇਤਾਂ ਅਤੇ ਪਿੰਡਾਂ ਦੇ ਕੁੱਝ ਸਰਾਰਤੀ ਅਨਸਰਾਂ ਵੱਲੋਂ ਮਜਦੂਰਾਂ ਅਤੇ ਦਲਿੱਤਾਂ ਦੇ ਬਰਖਿਲਾਫ ਝੋਨੇ ਦੀ ਲਗਾਈ ਸਬੰਧੀ ਆਪਣੇ ਆਪ ਰੇਟ ਫਿਕਸ ਕਰਕੇ ਗੈਰ ਵਿਧਾਨਿਕ ਮਤੇ ਪਾ ਰਹੇ ਹਨ, ਜੋ ਕਿਸੇ ਵੀ ਤਰ੍ਹਾਂ ਵਾਜਿਬ ਤੇ ਠੀਕ ਨਹੀਂ ਹਨ| ਸ੍ਰੀ ਰਾਮਗੜ ਨੇ ਕਿਹਾ ਕਿ ਦਲਿੱਤਾਂ, ਮਜਦੂਰਾਂ ਤੇ ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਗੈਰ ਵਿਧਾਨਿਕ ਮਤੇ ਪਾਉਣ ਵਾਲਿਆਂ ਨੂੰ ਸਦੀਆਂ ਤੋਂ ਚਲੀ ਆ ਰਹੀ ਮਰਿਆਦਾ ਦਾ ਜਰੂਰੀ ਖਿਆਲ ਰੱਖਣਾ ਚਾਹੀਦਾ ਹੈ, ਜੇਕਰ ਇਸ ਤਰ੍ਹਾਂ ਗੈਰ ਜਿੰਮੇਵਾਰ ਵਤੀਰਾ ਅਪਣਾਇਆ ਗਿਆ ਤਾਂ ਦਲਿੱਤ, ਮਜਦੂਰਾਂ ਅਤੇ ਕਿਸਾਨਾਂ ਦੀ ਭਾਈਚਾਰਕ ਸਾਂਝ ਟੁੱਟਣ ਦੇ ਨਾਲ-ਨਾਲ ਖੇਰੂੰ-ਖੇਰੂੰ ਵੀ ਹੋਣ ਦਾ ਬਹੁਤ ਖਤਰਾ ਹੈ| ਉਨ੍ਹਾਂ ਪੰਜਾਬ ਸਰਕਾਰ, ਪ੍ਰਸਾਸਨ ਤੋਂ ਮੰਗ ਕੀਤੀ ਕਿ ਦਲਿੱਤਾਂ, ਮਜਦੂਰਾਂ ਅਤੇ ਕਿਸਾਨਾਂ ਵਿੱਚ ਤਲਖੀ ਨਾ ਵਧੇ ਇਸ ਲਈ ਇਹ ਗੈਰ ਵਿਧਾਨਿਕ ਮਤੇ ਪਾਉਣ ਵਾਲਿਆਂ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਅਤੇ ਪ੍ਰਤੀ ਏਕੜ ਝੋਨੇ ਦੀ ਬਿਜਾਈ ਫਿਕਸ ਹੋਣ ਤੱਕ ਮਤਾ ਪਾਉਣ ਵਾਲੇ ਨੂੰ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਕਾਰਵਾਈ ਮੰਨਿਆ ਜਾਣਾ ਚਾਹੀਦਾ ਹੈ| ਇਸ ਸਮੇਂ ਹੋਰਨਾਂ ਤੋਂ ਇਲਾਵਾ ਬਾਬਾ ਗੁਰਕੀਰਤ ਸਿੰਘ (ਮੁੱਖ ਸਲਾਹਕਾਰ), ਦਰਸਨ ਸਿੰਘ (ਸਾਬਕਾ ਬਸਪਾ ਪ੍ਰਧਾਨ), ਕਰਨੈਲ ਸਿੰਘ ਯੂਥ ਆਗੂ ਨੇ ਵੀ ਮੰਗ ਕੀਤੀ ਕਿ ਸਰਕਾਰ ਤੇ ਪ੍ਰਸਾਸਨ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ ਅਤੇ ਜਿਹੜੇ ਲੋਕੀਂ ਸਰਾਰਤ ਕਰਕੇ ਦਲਿੱਤ ਸਮਾਜ, ਮਜਦੂਰਾਂ ਅਤੇ ਕਿਸਾਨਾਂ ਵਿੱਚ ਫੁੱਟ ਪਾਉਣ ਦੀ ਕੋਸਿਸ ਕਰ ਰਹੇ ਹਨ ਉਹ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਭਾਈਚਾਰਕ ਸਾਂਝ ਤੋੜਣਾ ਚਾਹੁੰਦੇ ਹਨ, ਅਜਿਹੇ ਅਨਸਰਾਂ ਦੇ ਖਿਲਾਫ ਕਾਨੂੰਨ ਮੁਤਾਬਿਕ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ|ਫੋਟੋ ਕੈਪਸਨ: ਪ੍ਰ੍ਰੈਸ ਨਾਲ ਗੱਲਬਾਤ ਕਰਦੇ ਹੋਏ ਗੁਰਚਰਨ ਸਿੰਘ ਰਾਮਗੜ ਕਨਵੀਨਰ ਸੰਵਿਧਾਨ ਬਚਾਓ ਅੰਦੋਲਨ ਭਾਰਤ|