ਅੰਮ੍ਰਿਤਪਾਲ ਸਿੰਘ ਦੇ 8 ਸਾਥੀ ਅੰਮ੍ਰਿਤਸਰ ਅਦਾਲਤ ’ਚ ਪੇਸ਼, ਧਾਰਾ 313 ਤਹਿਤ ਦਰਜ ਹੋਏ ਬਿਆਨ
ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਅੱਠ ਕਰੀਬੀ ਸਾਥੀਆਂ ਨੂੰ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਠਿੰਡਾ, ਗੋਇੰਦਵਾਲ ਸਾਹਿਬ ਅਤੇ ਫਰੀਦਕੋਟ ਦੀਆਂ ਕੇਂਦਰੀ ਜੇਲ੍ਹਾਂ ਵਿੱਚ ਬੰਦ ਇਨ੍ਹਾਂ ਮੁਲਜ਼ਮਾਂ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਅਦਾਲਤ ਵਿੱਚ ਲਿਆਂਦਾ ਗਿਆ। ਇਹ ਮਾਮਲਾ ਅਜਨਾਲਾ ਥਾਣੇ ’ਤੇ ਹੋਏ ਹਮਲੇ ਨਾਲ ਸਬੰਧਤ ਹੈ।
ਅੱਠ ਮੁਲਜ਼ਮਾਂ ਦੇ ਧਾਰਾ 313 ਤਹਿਤ ਬਿਆਨ ਦਰਜ
ਅਦਾਲਤ ਵਿੱਚ ਪੇਸ਼ ਕੀਤੇ ਗਏ ਮੁੱਖ ਸਾਥੀਆਂ ਵਿੱਚ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਰੌਕੇ, ਬਸੰਤ ਸਿੰਘ ਦੌਲਤਪੁਰਾ, ਹਰਮੇਲ ਸਿੰਘ ਯੋਧੇ, ਬਲਵਿੰਦਰ ਸਿੰਘ ਜੰਗੀਆਣਾ, ਭਗਵੰਤ ਸਿੰਘ ਬਾਜੇਕੇ, ਈਸ਼ਵਰ ਸਿੰਘ ਅਤੇ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਸ਼ਾਮਲ ਸਨ।
ਅਦਾਲਤੀ ਕਾਰਵਾਈ ਦੌਰਾਨ ਸਾਰੇ ਮੁਲਜ਼ਮਾਂ ਦੇ ਬਿਆਨ ‘ਕੋਡ ਆਫ਼ ਕ੍ਰਿਮੀਨਲ ਪ੍ਰੋਸੀਜਰ’ (CrPC) ਦੀ ਧਾਰਾ 313 ਤਹਿਤ ਦਰਜ ਕੀਤੇ ਗਏ। ਇਸ ਪ੍ਰਕਿਰਿਆ ਤਹਿਤ ਮਾਮਲੇ ਨਾਲ ਸਬੰਧਤ ਦੋਸ਼ਾਂ ਅਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਸਬੂਤਾਂ ਬਾਰੇ ਮੁਲਜ਼ਮਾਂ ਦਾ ਪੱਖ ਦਰਜ ਕੀਤਾ ਗਿਆ।
ਕਾਰਵਾਈ ਤੋਂ ਬਾਅਦ ਮੁੜ ਜੇਲ੍ਹਾਂ ਭੇਜੇ ਗਏ
ਧਾਰਾ 313 ਤਹਿਤ ਬਿਆਨ ਦਰਜ ਕਰਨ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਪੁਲਿਸ ਸੁਰੱਖਿਆ ਹੇਠ ਉਨ੍ਹਾਂ ਦੀਆਂ ਸਬੰਧਤ ਜੇਲ੍ਹਾਂ ਵਿੱਚ ਵਾਪਸ ਭੇਜ ਦਿੱਤਾ ਗਿਆ।
ਕੇਸ ਦੀ ਕਾਨੂੰਨੀ ਪ੍ਰਕਿਰਿਆ ਜਾਰੀ
ਸੁਣਵਾਈ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੰਧੇਰ ਨੇ ਕਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਉਨ੍ਹਾਂ ਅੱਠ ਸਾਥੀਆਂ ਲਈ ਮਹੱਤਵਪੂਰਨ ਸੀ, ਜਿਨ੍ਹਾਂ ਨੂੰ ਲਗਭਗ ਇੱਕ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਧਾਰਾ 313 ਮੁਲਜ਼ਮਾਂ ਨੂੰ ਆਪਣੇ ਵਿਰੁੱਧ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਬਾਰੇ ਆਪਣਾ ਪੱਖ ਰੱਖਣ ਦਾ ਮੌਕਾ ਦਿੰਦੀ ਹੈ। ਇਸ ਦੇ ਨਾਲ ਹੀ ਕੇਸ ਵਿੱਚ ਸਬੂਤਾਂ ਅਤੇ ਗਵਾਹੀਆਂ ਨਾਲ ਸਬੰਧਤ ਪੜਾਅ ਸਮਾਪਤ ਹੋ ਗਿਆ ਹੈ।
ਅਜਨਾਲਾ ਥਾਣਾ ਹਮਲਾ ਮਾਮਲਾ ਫਰਵਰੀ 2023 ਦੀ ਘਟਨਾ ਨਾਲ ਸਬੰਧਤ ਹੈ ਅਤੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਅਦਾਲਤੀ ਕਾਰਵਾਈ ਚੱਲ ਰਹੀ ਹੈ।
Posted By: Punjab Infoline Bureau