ਰੌਣੀ/ਪਟਿਆਲਾ, 13 ਸਤੰਬਰ (ਪੀ ਐੱਸ ਗਰੇਵਾਲ)- ਵਾਤਾਵਰਣ ਨੂੰ ਸਾਫ਼ ਰੱਖਣ ਲਈ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਵੱਖ ਵੱਖ ਤਰੀਕਿਆਂ ਅਤੇ ਖੇਤੀ ਮਸ਼ੀਨਰੀ ਨਾਲ ਸਾਂਭਣ 'ਤੇ ਜ਼ੋਰ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਕਿਸਾਨ, ਖੇਤੀ ਮਾਹਰਾਂ ਦੀ ਸਲਾਹ ਨਾਲ ਜਿੱਥੇ ਆਪਣੀ ਆਮਦਨ ਵਧਾ ਸਕਦੇ ਹਨ, ਉਥੇ ਹੀ ਆਪਣੇ ਖੇਤੀ ਖ਼ਰਚੇ ਘਟਾ ਕੇ ਵਾਤਾਵਰਣ ਵੀ ਸਾਫ਼ ਰੱਖ ਸਕਦੇ ਹਨ। ਡਾ. ਘੁੰਮਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਪਦਮ ਸ੍ਰੀ ਅਵਾਰਡੀ ਦੇ ਨਾਲ ਸਾਂਝੇ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਾੜ੍ਹੀ ਦੇ ਕਿਸਾਨ ਮੇਲਿਆਂ ਦੀ ਲੜੀ ਹੇਠ 'ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਵਿਖੇ ਲਗਾਏ ਗਏ ਦੂਜੇ ਕਿਸਾਨ ਮੇਲੇ ਦਾ ਉਦਘਾਟਨ ਕਰ ਰਹੇ ਸਨ। ਉਨ੍ਹਾਂ ਦੇ ਨਾਲ ਮੈਂਬਰ ਪ੍ਰਬੰਧਕੀ ਬੋਰਡ ਸ੍ਰੀ ਦਵਿੰਦਰ ਸਿੰਘ ਚਾਹਲ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।ਡਾ. ਘੁੰਮਣ ਨੇ ਆਪਣੇ ਸੰਬੋਧਨ 'ਚ ਪੀ.ਏ.ਯੂ ਦੀ ਭਰਪੂਰ ਪ੍ਰਸੰਸਾ ਕਰਦਿਆਂ ਇਸ ਨੂੰ ਭਾਰਤ ਦੀ ਰੀੜ ਦੀ ਹੱਡੀ ਦੱਸਿਆ। ਕਿਸਾਨ ਨੂੰ ਇੱਕ ਉਦਯੋਗਪਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਵੀ ਉਹੀ ਫਸਲ ਲਗਾਏਗਾ ਜਿਸ ਵਿੱਚ ਉਸ ਨੂੰ ਫਾਇਦਾ ਹੈ, ਇਸ ਲਈ ਕਣਕ-ਝੋਨੇ ਤੋਂ ਇਲਾਵਾ ਦੂਜੀਆਂ ਫਸਲਾਂ ਦਾ ਮੁੱਲ ਵੀ ਨਿਰਧਾਰਤ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਵਾਤਾਵਰਣਕ ਤਬਦੀਲੀਆਂ ਨੂੰ ਧਿਆਨ 'ਚ ਰੱਖਦੇ ਹੋਏ ਖੇਤੀ ਨੂੰ ਨਵੀਂ ਸੇਧ ਦਿੱਤੀ ਜਾਵੇ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਜੀ ਦੇ ਸੰਦੇਸ਼ ਨੂੰ ਅਪਣਾ ਕੇ ਵਾਤਾਵਰਣ ਦੀ ਸੰਭਾਲ ਵੱਲ ਤਵਜੋਂ ਦੇਣੀ ਚਾਹੀਦੀ ਹੈ। ਪਾਣੀ ਦੇ ਸੰਕਟ ਨੂੰ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਦੱਸਦਿਆਂ ਡਾ. ਢਿੱਲੋਂ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਯੂਨੀਵਰਸਿਟੀ ਵੱਲੋਂ ਵਿਕਸਤ ਨਵੀਆਂ ਤਕਨੀਕਾਂ ਅਪਨਾਉਣ ਲਈ ਕਿਹਾ।ਡਾ. ਢਿੱਲੋਂ ਨੇ ਕਿਸਾਨਾਂ ਨੂੰ ਹਰ ਹੀਲੇ ਵਸੀਲੇ ਪਰਾਲੀ ਨੂੰ ਸੰਭਾਲਣ, ਸਮੂਹਕ ਮਸ਼ੀਨਰੀ ਅਪਣਾਉਣ ਅਤੇ ਪੀਏਯੂ ਦੀਆਂ ਸਿਫ਼ਾਰਸ਼ਾਂ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਬਾਸਮਤੀ ਦੇ ਚੱਲ ਰਹੇ ਸੀਜ਼ਨ 'ਚ ਫਸਲ ਉਪਰ ਰਸਾਇਣਾਂ ਦੇ ਵਾਧੂ ਛਿੜਕਾਅ ਤੋਂ ਪਰਹੇਜ਼ ਕਰਨ ਦੀ ਅਪੀਲ ਕਰਦਿਆਂ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਲਈ ਕਣਕ ਦਾ ਕਰਨਾਲ ਬੰਟ ਮੁਕਤ ਬੀਜ ਵਰਤਣ ਤੇ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਪੀਏਯੂ ਦੀਆਂ ਸਿਫ਼ਾਰਸ਼ਾਂ ਅਪਨਾਉਣ 'ਤੇ ਜ਼ੋਰ ਦਿੱਤਾ।ਇਸ ਮੇਲੇ ਦੌਰਾਨ ਸਾਉਣੀ ਦੀਆਂ ਫਸਲਾਂ ਦੇ ਸੁਧਰੇ ਬੀਜ, ਖੇਤ ਮਸ਼ੀਨਰੀ, ਖੇਤੀ ਸਾਹਿਤ ਅਤੇ ਖੇਤੀ ਸਮਗਰੀ ਦੇ ਨਾਲ-ਨਾਲ ਖੇਤ ਪ੍ਰਦਰਸ਼ਨੀਆਂ ਵੀ ਕਿਸਾਨਾਂ ਦੀ ਖਿਚ ਦਾ ਕੇਂਦਰ ਸਨ। ਇਸ ਮੌਕੇ ਸਬਜ਼ੀਆਂ ਦੀਆਂ ਕਿਸਮਾਂ ਹਾਈਬਰਿਡ ਟਮਾਟਰ, ਸ਼ਿਮਲਾ ਮਿਰਚ, ਪਿਆਜ਼, ਕਰੇਲਾ, ਹਲਵਾ ਕੱਦੂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਸਮੇਤ ਪੀਏਯੂ ਵੱਲੋਂ ਸ਼ਹਿਰਾਂ 'ਚ ਘਰਾਂ ਦੀ ਛੱਤ ਉਪਰ ਤਿਆਰ ਕੀਤੇ ਗਏ ਘਰੇਲੂ ਬਗੀਚੀ ਦੇ ਮਾਡਲ ਬਾਰੇ ਵੀ ਕਿਸਾਨਾਂ ਨੂੰ ਜਾਣੂੰ ਕਰਵਾਇਆ ਗਿਆ। ਲੱਗਭਗ 138 ਸਟਾਲਾਂ ਉੱਪਰ ਹਜ਼ਾਰਾਂ ਕਿਸਾਨਾਂ ਨੇ ਖੇਤੀ ਨਾਲ ਸਬੰਧਿਤ ਸਮਗਰੀ ਬਾਰੇ ਜਾਣਕਾਰੀ ਲਈ ਅਤੇ ਲੋੜ ਅਨੁਸਾਰ ਖਰੀਦਿਆ।ਮੇਲੇ 'ਚ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਹੋਣ ਲਈ ਸਹਾਇਕ ਕਿੱਤਿਆਂ ਦੇ ਰਾਹ ਤੁਰਨ ਲਈ ਪ੍ਰੇਰਦਿਆਂ ਪੀ.ਏ.ਯੂ. ਦੀ ਕਿਸਾਨ ਐਪ, ਕਿਸਾਨ ਪੋਰਟਲ, ਵੈਬ-ਸਾਈਟ, ਖੇਤੀ ਸੰਦੇਸ਼ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਅਤੇ ਸਿਫਾਰਿਸ਼ ਕੀਤੀਆਂ ਖੇਤੀ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਜਸਵਿੰਦਰ ਸਿੰਘ ਭੱਲਾ ਤੇ ਡਾ. ਤੇਜਿੰਦਰ ਸਿੰਘ ਰਿਆੜ ਨੇ ਮੰਚ ਸੰਚਾਲਣ ਕੀਤਾ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਨੇ ਆਏ ਕਿਸਾਨਾਂ, ਵਿਗਿਆਨੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।