ਪਟਿਆਲਾ,13 ਅਕਤੂਬਰ(ਪੀ ਐੱਸ ਗਰੇਵਾਲ)-ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਮਲਟੀਪਰਪਜ਼ ਸਕੂਲ ਵਿੱਚ ਸਵੱਛ ਭਾਰਤ ਅਭਿਆਨ ਦਾ ਸੁਨੇਹਾ ਦਿੰਦਿਆਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਚ ਤੋਂ ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲਿਸਿਟੀ ਅਫ਼ਸਰ ਗੁਰਮੀਤ ਸਿੰਘ (ਆਈ.ਆਈ.ਐੱਸ) ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ 'ਤੇ ਸਵੱਛਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਸੀ। ਸ਼ਾਸਤਰੀ ਜੀ ਨੇ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਦੇਸ਼ ਵਾਸੀਆਂ ਨੇ ਵੱਡੇ ਪੱਧਰ 'ਤੇ ਹੁੰਗਾਰਾ ਦਿੱਤਾ ਸੀ। ਇਸੇ ਤਰ੍ਹਾਂ ਰਾਸ਼ਟਰਪਤੀ ਮਹਾਤਮਾ ਗਾਂਧੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੋ ਯੋਗਦਾਨ ਮੰਗਿਆ ਗਿਆ, ਉਸ ਵਿੱਚ ਵੀ ਦੇਸ਼ ਵਾਸੀਆਂ ਨੇ ਵੱਧ ਚੜ੍ਹ ਕੇ ਹੁੰਗਾਰਾ ਦਿੱਤਾ। ਕੁਝ ਇਸੇ ਤਰ੍ਹਾਂ ਹੁਣ ਸਵੱਛਤਾ ਅਭਿਆਨ ਨੂੰ ਵੀ ਜਨ ਅੰਦੋਲਨ ਬਣਾਉਣ ਦੀ ਲੋੜ ਹੈ।ਪ੍ਰੋਗਰਾਮ ਦੌਰਾਨ ਮੰਚ ਤੋਂ ਬੋਲਦਿਆਂ ਸਰਕਾਰੀ ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਨੂੰ ਜਨ ਮੁਹਿੰਮ ਬਣਾਉਣ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਵੱਡਾ ਯੋਗਦਾਨ ਪਾਇਆ ਹੈ, ਜਿਸ ਦੇ ਤਹਿਤ ਨਾ ਸਿਰਫ਼ ਪੰਜਾਬ, ਬਲਕਿ ਦੇਸ਼ ਭਰ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ, ਜੋ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਮੌਕੇ ਚਿੱਤਰ ਤੇ ਲੇਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਲੇਖ ਮੁਕਾਬਲੇ ਵਿਚ ਯੋਗੇਸ਼ ਵਰਮਾ ਨੇ ਪਹਿਲਾ, ਤਾਨੀਆ ਨੇ ਦੂਜਾ ਅਤੇ ਗਗਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਉੱਥੇ ਹੀ ਇਸ ਮੌਕੇ ਕਰਵਾਏ ਗਏ ਚਿੱਤਰ ਮੁਕਾਬਲੇ ਵਿਚ ਵੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ, ਸੂਰਜ ਪ੍ਰਕਾਸ਼ ਨੇ ਦੂਜਾ, ਸੰਜਮਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਫੀਲਡ ਪਬਲਿਸਿਟੀ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਸਰਕਾਰੀ ਮਹਿੰਦਰਾ ਕਾਲਜ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਸਨਮਾਨਿਤ ਕੀਤਾ ਜਾਵੇਗਾ।ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਆਪਣੇ ਚਾਰ ਚੁਫੇਰੇ ਨੂੰ ਸਾਫ਼ ਰੱਖਣ ਸਬੰਧੀ ਸਹੁੰ ਵੀ ਚੁਕਾਈ ਗਈ। ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਵੀ ਇਹ ਸਹੁੰ ਚੁੱਕੀ ਗਈ ਕਿ ਉਹ ਭਵਿੱਖ ਵਿੱਚ ਨਾ ਸਿਰਫ਼ ਆਪਣਾ ਘਰ ਬਲਕਿ ਪੂਰੇ ਦੇਸ਼ ਨੂੰ ਸਾਫ਼ ਰੱਖਣ ਦਾ ਸੰਕਲਪ ਲੈਂਦੇ ਨੇ। ਇਸ ਤੋਂ ਇਲਾਵਾ ਮੰਤਰਾਲੇ ਦੇ ਕਲਾਕਾਰਾਂ ਨੇ ਸਵੱਛਤਾ ਦੇ ਥੀਮ ਉੱਤੇ ਇੱਕ ਨੁੱਕੜ ਨਾਟਕ ਵੀ ਪੇਸ਼ ਕੀਤਾ, ਜੋ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਿਆ।