ਦੇਸ਼ ਪੱਧਰੀ ਹੜਤਾਲ ਦੇ ਸੱਦੇ 'ਤੇ ਤਲਵੰਡੀ ਸਾਬੋ ਦੇ ਕੈਮਿਸਟਾਂ ਨੇ ਵੀ ਰੱਖੀਆਂ ਦੁਕਾਨਾਂ ਬੰਦ।

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਦੇਸ਼ ਵਿੱਚ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਿੱਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਵੀ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਪੂਰਨ ਬੰਦ ਰੱਖੀਆਂ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਦਮਦਮਾ ਸਾਹਿਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦੀਵਾਨ ਚੰਦ ਗਰਗ ਨੇ ਦੱਸਿਆ ਕਿ ਦੇਸ਼ ਵਿੱਚ ਆਨਲਾਈਨ ਦਵਾਈਆਂ ਦੀ ਵਿਕਰੀ ਸ਼ੁਰੂ ਹੋਣ ਨਾਲ ਜਿੱਥੇ ਕੈਮਿਸਟਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ ਉੱਥੇ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ ਕਿਉਂਕਿ ਜੇ ਕਿਸੇ ਕੋਲ ਕੋਈ ਗਲਤ ਦਵਾਈ ਚਲੀ ਜਾਵੇ ਤਾਂ ਦੁਕਾਨ ਤੇ ਤਾਂ ਉਹ ਤੁਰੰਤ ਜਾ ਕੇ ਬਦਲ ਸਕੇਗਾ ਪ੍ਰੰਤੂ ਆਨਲਾਈਨ ਜੇ ਕੋਈ ਗਲਤ ਦਵਾਈ ਆ ਜਾਵੇ ਤਾਂ ਜਦੋਂ ਤੱਕ ਉਹ ਬਦਲੀ ਜਾਵੇਗੀ ਮਰੀਜ ਦਾ ਨੁਕਸਾਨ ਹੋਵੇਗਾ। ਉਨਾਂ ਦੱਸਿਆ ਕਿ ਸਮੁੱਚੇ ਦੇਸ਼ ਵਿੱਚ ੫ ਕਰੋੜ ਕੈਮਿਸਟ 24 ਘੰਟਿਆ ਦੀ ਹੜਤਾਲ ਤੇ ਚੱਲ ਰਹੇ ਹਨ ਤੇ ਤਲਵੰਡੀ ਸਾਬੋ ਦੇ ਵੀ ਸਮੂਹ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆ ਹਨ। ਉਨਾਂ ਕਿਹਾ ਕਿ ਜੇ ਦਵਾਈਆਂ ਦੀ ਆਨਲਾਈਨ ਵਿਕਰੀ ਬੰਦ ਨਾ ਹੋਈ ਤਾਂ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਵੱਲੋਂ ਜੋ ਪ੍ਰੋਗਰਾਮ ਉਲੀਕਿਆ ਜਾਵੇਗਾ ਤਲਵੰਡੀ ਸਾਬੋ ਦੇ ਕੈਮਿਸਟ ਉਸ ਵਿੱਚ ਬਣਦਾ ਸਹਿਯੋਗ ਦੇਣਗੇ। ਉੱਧਰ ਬਰਿੰਦਰਪਾਲ ਮਹੇਸ਼ਵਰੀ, ਕਾਲਾ ਮੈਡੀਕਲ ਵਾਲਾ, ਲਾਲੀ ਫਤਿਹ ਮੈਡੀਕਲ, ਨੰਬਰਦਾਰ ਮੈਡੀਕਲ ਹਾਲ, ਚੌਧਰੀ ਮੈਡੀਕਲ ਹਾਲ, ਆਰ ਕੇ ਮੈਡੀਕਲ ਹਾਲ, ਮਲਕੀਤ ਮੈਡੀਕਲ ਵਾਲੇ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੈਮਿਸਟਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਦਵਾਈਆਂ ਦੀ ਵਿਕਰੀ ਤੁਰੰਤ ਰੋਕੇ ਜਾਵੇ।