ਕਾਲਾਂਵਾਲੀ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਦਾ ਮਸੀਹਾ ਕਹੇ ਜਾਣ ਵਾਲੇ ਅਤੇ ਕਿਸੇ ਸਮੇਂ ਹਰਿਆਣਾ ਦੀ ਰਾਜਨੀਤੀ ਵਿੱਚ ਰਹੇ ਸਭ ਤੋਂ ਕੱਦਾਵਰ ਨੇਤਾ ਚੌਧਰੀ ਦੇਵੀ ਲਾਲ ਦਾ ਜਨਮ ਦਿਨ ਇਸ ਸਾਲ ਸਨਮਾਨ ਦਿਵਸ ਦੇ ਰੂਪ ਵਿੱਚ ਕੈਂਥਲ ਵਿੱਚ 25 ਸਤੰਬਰ ਨੂੰ ਮਨਾਇਆ ਜਾਵੇਗਾ। ਧਿਆਨ ਰਹੇ ਕਿ ਪਿਛਲੇ ਸਾਲ ਇੰਡੀਅਨ ਨੈਸ਼ਨਲ ਲੋਕ ਦਲ ਵੱਲੋ ਚੌਧਰੀ ਦੇਵੀ ਲਾਲ ਦਾ ਜਨਮ ਦਿਨ 25 ਸਤੰਬਰ ਨੂੰ ਗੋਹਾਣਾ ਵਿੱਚ ਮਨਾਇਆ ਗਿਆ ਸੀ, ਜਿੱਥੇ ਇਸ ਰੈਲੀ ਵਿੱਚ ਹੀ ਇਨੈਲੋ ਪਾਰਟੀ ਦੇ ਦੋ ਫਾੜ ਹੋਣ ਦਾ ਮੁੱਢ ਬੱਝ ਗਿਆ ਸੀ ਅਤੇ ਇਸ ਰੈਲੀ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਮੌਜੂਦਗੀ ਵਿੱਚ ਹੀ ਦੁਸ਼ਿਅੰਤ ਚੌਟਾਲਾ ਅਤੇ ਦਿਗਵਿਜੈ ਚੌਟਾਲਾ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਜਿਸਦੇ ਬਾਅਦ ਦੁਸ਼ਿਅੰਤ ਚੌਟਾਲਾ ਨੇ ਆਪਣੇ ਪਿਤਾ ਅਜੈ ਚੌਟਾਲਾ ਦੇ ਮਾਰਗ ਦਰਸ਼ਨ ਵਿੱਚ ਨਵੀਂ ਪਾਰਟੀ ਜਨ ਨਾਇਕ ਜੰਤਾ ਪਾਰਟੀ (ਜੇ. ਜੇ. ਪੀ) ਦਾ ਗਠਨ ਕਰ ਲਿਆ ਸੀ। ਸ਼ੁਰੂ ਸ਼ੁਰੂ ਵਿੱਚ ਤਾਂ ਜੇ ਜੇ ਪੀ ਦੀ ਲੋਕ ਪ੍ਰੀਅਤਾ ਵੀ ਕਾਫੀ ਵਧ ਗਈ ਸੀ ਪਰ ਜੀਂਦ ਉੱਪ ਚੋਣਾਂ ਵਿੱਚ ਜੇ ਜੇ ਪੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਪਾਰਟੀ ਵਰਕਰ ਹੋਰ ਨੈਸ਼ਨਲ ਪਾਰਟੀਆਂ ਵਿਚ ਵਿੱਚ ਸ਼ਾਮਿਲ ਹੋਣ ਨੂੰ ਤਰਜੀਹ ਦੇਣ ਲੱਗ ਪਏ ਹਨ। ਅਜਿਹੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾਂ ਦੀ ਪਤਨੀ ਦੀ ਮੌਤ ਤੇ ਅਫ਼ਸੋਸ ਕਰਨ ਪੁਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੌਟਾਲਾ ਪਰਿਵਾਰ ਨੂੰ ਇੱਕ ਹੋਣ ਦੀ ਸਲਾਹ ਦਿੱਤੀ ਸੀ। ਹੁਣ ਚੋਟਾਲਾ ਪਰਿਵਾਰ ਵਿੱਚ ਪਈ ਫੁੱਟ ਨੂੰ ਲਗਭਗ ਇੱਕ ਸਾਲ ਹੋਣ ਵਾਲਾ ਹੈ। ਸੂਤਰ ਦਸਦੇ ਹਨ ਕਿ ਬਾਬੇ ਬਾਦਲ ਦੀ ਦਲੀਲ ਨੂੰ ਦਰਕਿਨਾਰ ਕਰ ਚੌਟਾਲਾ ਦੇ ਫ਼ਰਜੰਦਾਂ ਨੇ ਆਪਣੇ ਆਪਣੇ ਸੋਹਲੇ ਫਿਰ ਗਾਉਣੇ ਸ਼ੁਰੂ ਕਰ ਦਿੱਤੇ ਹਨ।