ਵਾਤਾਵਰਣ ਦੀ ਸ਼ੁੱਧਤਾ ਲਈ ਹਰ ਮਨੁੱਖ ਵੱਧ ਤੋਂ ਵੱਧ ਬੂਟੇ ਲਾਵੇ-ਜ਼ਿਲ੍ਹਾ ਤੇ ਸੈਸ਼ਨਜ਼ ਜੱਜ

ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਕਿਹਾ ਕਿ ਸਾਡੇ ਗੁਰੂਆਂ ਤੇ ਸੰਤਾਂ, ਭਗਤਾਂ ਨੇ ਸਾਨੂੰ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਹੈ, ਇਸ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਅਗਰਵਾਲ ਅੱਜ ਗਲੋਬਲ ਹਿਊਮਨ ਸਰਵਿਸਿਜ ਆਰਗੇਨਾਈਜੇਸ਼ਨ ਦੇ ਪ੍ਰਧਾਨ ਕਰਨਲ (ਰਿਟਾ.) ਕਰਨਲ ਬਿਸ਼ਨ ਦਾਸ ਤੇ ਸੰਸਥਾ ਦੇ ਹੋਰ ਮੈਂਬਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਜੁਡੀਸ਼ੀਅਲ ਅਧਿਕਾਰੀਆਂ ਨੂੰ ਆਪਣੇ ਘਰਾਂ 'ਚ ਲਾਉਣ ਲਈ ਬੂਟੇ ਵੰਡਣ ਦੀ ਰਸਮ ਅਦਾ ਕਰ ਰਹੇ ਸਨ।ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਮੁੱਚੀ ਲੋਕਾਈ ਨੂੰ ਪਾਣੀ, ਧਰਤੀ ਤੇ ਹਵਾ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਵਾਤਾਵਰਣ ਤੇ ਆਪਣੇ ਆਲੇ ਦੁਆਲੇ ਨੂੰ ਸਵੱਛ ਰੱਖਣ ਦਾ ਸੁਨੇਹਾ ਦਿੱਤਾ ਸੀ, ਇਸ ਲਈ ਉਨ੍ਹਾਂ ਵੱਲੋਂ ਦਿੱਤੇ ਉਪਦੇਸ਼ 'ਤੇ ਚੱਲਦਿਆਂ ਸਾਨੂੰ ਬੂਟੇ ਲਗਾਕੇ ਉਨ੍ਹਾਂ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ। ਸ੍ਰੀ ਅਗਵਰਾਲ ਨੇ ਜੀ.ਐਚ.ਐਸ.ਓ. ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਵਧੀਕ ਸੈਸ਼ਨਜ ਜੱਜ ਸ੍ਰੀ ਐਸ.ਕੇ. ਸਚਦੇਵਾ, ਸ੍ਰੀਮਤੀ ਪ੍ਰਿਆ ਸੂਦ, ਸ੍ਰੀਮਤੀ ਮਨਜੋਤ ਕੌਰ, ਸ੍ਰੀ ਸ਼ਿਵ ਮੋਹਨ ਗਰਗ, ਸ੍ਰੀ ਰਾਜਵਿੰਦਰ ਸਿੰਘ, ਸ੍ਰੀਮਤੀ ਜਤਿੰਦਰ ਕੌਰ, ਸ੍ਰੀ ਹਰੀਸ਼ ਅਨੰਦ, ਸੀ.ਜੇ.ਐਮ. ਸ੍ਰੀਮਤੀ ਦੀਪਤੀ ਗੁਪਤਾ, ਵਧੀਕ ਸੀ.ਜੇ.ਐਮ. ਸ੍ਰੀਮਤੀ ਤ੍ਰਿਪਤਜੋਤ ਕੌਰ ਸਮੇਤ ਹੋਰ ਜੁਡੀਸ਼ੀਅਲ ਅਧਿਕਾਰੀ ਵੀ ਮੌਜੂਦ ਸਨ।