ਧੂਰੀ, 26 ਦਸੰਬਰ (ਮਹੇਸ਼ ਜਿੰਦਲ) - ਸਥਾਨਕ ਖੰਡ ਮਿੱਲ ਅੱਗੇ ਗੰਨਾ ਕਾਸ਼ਤਕਾਰਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਇਆ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਐੱਸ.ਡੀ.ਐਮ ਧੂਰੀ ਲਤੀਫ਼ ਅਹਿਮਦ ਅਤੇ ਡੀ.ਐੱਸ.ਪੀ ਧੂਰੀ ਰਛਪਾਲ ਸਿੰਘ ਵੱਲੋਂ ਕੀਤੇ ਯਤਨਾਂ ਸਦਕਾ ਸਮਾਪਤ ਹੋ ਗਿਆ। ਸਥਾਨਕ ਐੱਸ.ਡੀ.ਐਮ ਦਫ਼ਤਰ ਵਿਖੇ ਵਿਧਾਇਕ ਅਤੇ ਉਕਤ ਅਧਿਕਾਰੀਆਂ ਦੀ ਮੌਜੂਦਗੀ ’ਚ ਮਿੱਲ ਪ੍ਰਬੰਧਕਾਂ ਅਤੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੀ ਮੀਟਿੰਗ ਸੁਖਾਵੇਂ ਮਾਹੌਲ ’ਚ ਹੋਈ ਅਤੇ ਦੋਵੇਂ ਧਿਰਾਂ ਵੱਲੋਂ ਆਪਣੇ ਪੱਖ ਵਿਧਾਇਕ ਅਤੇ ਅਧਿਕਾਰੀਆਂ ਅੱਗੇ ਰੱਖੇ ਗਏ। ਇਸ ਮੌਕੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਹੱਲ ਲਈ ਕੋਈ ਵੀ ਵਿਅਕਤੀ ਉਨਾਂ ਨਾਲ ਸੰਪਰਕ ਕਰ ਸਕਦਾ ਹੈ। ਧਰਨਿਆਂ ਨਾਲ ਜਿੱਥੇ ਕਿਸਾਨਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਉੱਥੇ ਹੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਮੀਟਿੰਗ ਦੌਰਾਨ ਮਿੱਲ ਪ੍ਰਬੰਧਕਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ 100 ਗੰਨੇ ਦੀਆਂ ਟਰਾਲੀਆਂ ਵਿਚੋਂ 95 ਟਰਾਲੀਆਂ ਸਥਾਨਕ ਗੰਨਾ ਕਾਸ਼ਤਕਾਰਾਂ ਤੋਂ ਹੀ ਖ਼ਰੀਦ ਕਰਨਗੇ। ਉਨਾਂ ਇਹ ਵੀ ਸਪਸ਼ਟ ਕੀਤਾ ਕਿ ਖੰਡ ਮਿੱਲ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜੇਕਰ ਸਥਾਨਕ ਇਲਾਕੇ ਅੰਦਰ ਗੰਨੇ ਦੀ ਕਮੀ ਆਉਦੀ ਹੈ ਤਾਂ ਉਹ ਬਾਹਰਲੇ ਸੂਬੇ ਤੋਂ ਗੰਨਾ ਖ਼ਰੀਦ ਸਕਦੇ ਹਨ, ਪ੍ਰੰਤੂ ਤਰਜੀਹ ਸਥਾਨਕ ਗੰਨਾ ਕਾਸ਼ਤਕਾਰਾਂ ਨੂੰ ਹੀ ਦਿੱਤੀ ਜਾਵੇਗੀ। ਮੀਟਿੰਗ ਦੌਰਾਨ 50 ਰੁਪਏ ਪ੍ਰਤੀ ਟਰਾਲੀ ਵੈੱਲਫੇਅਰ ਫ਼ੰਡ ਕੱਟਣ ਸੰਬੰਧੀ ਕੀਤੇ ਗਏ ਫ਼ੈਸਲੇ ਨੂੰ ਵੀ ਰੱਦ ਕਰ ਦਿੱਤਾ ਗਿਆ। ਇਸ ਮੌਕੇ ਖੰਡ ਮਿੱਲ ਪ੍ਰਬੰਧਕ ਅਤੇ ਗੰਨਾ ਕਾਸ਼ਤਕਾਰ ਕਮੇਟੀ ਦੇ ਆਗੂ ਮੌਜੂਦ ਸਨ।