ਧੂਰੀ,3 ਜੂਨ (ਮਹੇਸ਼ ਜਿੰਦਲ) ਧੂਰੀ ਨੇੜਲੇ ਇਕ ਪਿੰਡ ਵਿਖੇ ਉਸੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਰਿਸ਼ਤੇਦਾਰੀ 'ਚ ਉਸ ਦੀ ਭੈਣ ਲੱਗਦੀ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਾਮਲੇ ਦਾ ਦੋਸ਼ੀ ਸ਼ਾਦੀ-ਸ਼ੁਦਾ ਹੈ ਤੇ ਤਿੰਨ ਬੱਚਿਆਂ ਦਾ ਬਾਪ ਹੈ | ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਭਲਵਾਨ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਲੇਡੀਜ਼ ਸਹਾਇਕ ਥਾਣੇਦਾਰ ਸ਼ਬਨਮ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਮਸਤੂ ਖਾਂ (29) ਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸ਼ਬਨਮ ਨੇ ਲੜਕੀ ਵਲੋਂ ਦਿੱਤੇ ਗਏ ਬਿਆਨਾਂ ਦੇ ਹਵਾਲੇ ਨਾਲ ਦੱਸਿਆ ਕਿ ਬੀਤੀ ਰਾਤ ਨੂੰ ਦੋਸ਼ੀ ਮਸਤੂ ਖਾਂ ਨੇ ਰਾਤ ਦੇ ਕਰੀਬ 12 ਵਜੇ ਆਪਣੇ ਨੇੜਲੇ ਰਿਸ਼ਤੇਦਾਰ ਦੇ ਘਰ ਆ ਕੇ ਕੁੰਡਾ ਖੜਕਾਇਆ ਤੇ ਕਿਹਾ ਕਿ ਉਸ ਦੀ ਪਤਨੀ ਬਮਾਰ ਹੈ ਤੇ ਉਸ ਨੇ ਡਾਕਟਰ ਨੂੰ ਬੁਲਾਉਣ ਜਾਣਾ ਹੈ ਅਤੇ ਪੀੜਤ ਲੜਕੀ ਦੇ ਪਿਤਾ ਦੀ ਸਹਿਮਤੀ ਨਾਲ ਰਿਸ਼ਤੇ 'ਚ ਭੈਣ ਲੱਗਦੀ ਲੜਕੀ ਨੂੰ ਆਪਣੀ ਘਰਵਾਲੀ ਕੋਲ ਛੱਡ ਕੇ ਜਾਣ ਦੇ ਬਹਾਨੇ ਆਪਣੇ ਘਰ ਨਾਲ ਲੈ ਗਿਆ, ਜਿੱਥੇ ਉਸ ਦੀ ਘਰਵਾਲੀ ਤੇ ਬੱਚੇ ਗਰਮੀ ਕਾਰਨ ਕੋਠੇ ਉੱਪਰ ਸੁੱਤੇ ਪਏ ਸੀ ਤੇ ਉਸ ਨੇ ਲੜਕੀ ਨੂੰ ਡਰਾ-ਧਮਕਾ ਕੇ ਉਸ ਨਾਲ ਜਬਰ-ਨਾਹ ਕੀਤਾ| ਸਹਾਇਕ ਥਾਣੇਦਾਰ ਸ਼ਬਨਮ ਵਲੋਂ ਲੜਕੀ ਨੂੰ ਮੈਡੀਕਲ ਚੈੱਕਅਪ ਲਈ ਸਿਵਲ ਹਸਪਤਾਲ ਧੂਰੀ ਲਿਆਂਦਾ ਗਿਆ ਜਿੱਥੇ ਔਰਤ ਰੋਗਾਂ ਦੇ ਮਾਹਿਰ ਡਾ. ਨੇਹਾ ਵਲੋਂ ਬੱਚੀ ਦਾ ਚੈੱਕਅਪ ਕਰਕੇ ਰਿਪੋਰਟ ਜਾਂਚ ਲਈ ਭੇਜ ਦਿੱਤੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਸਹਾਇਕ ਥਾਣੇਦਾਰ ਸ਼ਬਨਮ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਮਸਤੂ ਖਾਂ ਖ਼ਲਾਫ਼ ਥਾਣਾ ਸਦਰ ਧੂਰੀ ਵਿਖੇ ਜਬਰ-ਜਨਾਹ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |