ਧੂਰੀ,3 ਜੂਨ (ਮਹੇਸ਼ ਜਿੰਦਲ) ਬੀ.ਡੀ.ਪੀ.ਓ. ਧੂਰੀ ਮੈਡਮ ਨਵਦੀਪ ਕੌਰ ਪੀ.ਸੀ.ਐਸ.ਏ. ਵਲੋਂ ਵੱਖੋ-ਵੱਖ ਪਿੰਡਾਂ 'ਚ ਪੰਚਾਇਤੀ ਜ਼ਮੀਨਾਂ ਦੀ ਸਰਕਾਰੀ ਨਿਯਮਾਂ ਤਹਿਤ ਖੁੱਲ੍ਹੀ ਬੋਲੀ ਕਰਵਾਉਣ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਤੇ ਮੈਂਬਰਾਂ ਵਲੋਂ ਵਿਘਨ ਬਣਾਉਣ, ਬੰਦੀ ਬਣਾਉਣ ਆਦਿ ਸਬੰਧੀ ਥਾਣਾ ਸਦਰ ਧੂਰੀ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਦਰਜ ਹੋਏ ਮਾਮਲੇ ਸੰਬੰਧੀ ਸ਼ਿਕਾਇਤਕਰਤਾ ਬੀ.ਡੀ.ਪੀ.ਓ. ਧੂਰੀ ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਟੀਮ ਸਮੇਤ ਪਿੰਡ ਮੀਮਸਾ, ਈਸੀ, ਭੋਜੋਵਾਲੀ ਦੀ ਪੰਚਾਇਤ ਜ਼ਮੀਨ ਦੀ ਖੁੱਲ੍ਹੀ ਬੋਲੀ ਸਰਕਾਰ ਦੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਮੇਤ ਵੀਡੀਓਗ੍ਰਾਫ਼ੀ ਤੇ ਸਾਂਝੇ ਸਥਾਨ ਤੇ ਕਰਵਾਈ ਗਈ ਤੇ ਇਸ ਮੌਕੇ ਪਾਰਦਰਸ਼ੀ ਢੰਗ ਨਾਲ ਕਰਵਾਈ ਬੋਲੀ ਦੀ ਪ੍ਰਕਿਰਿਆ ਸਮੇਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਤੇ ਆਗੂਆਂ ਵਲੋਂ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ | ਪਿੰਡ ਮੀਮਸਾ 'ਚ ਬਲਜੀਤ ਸਿੰਘ ਵਾਸੀ ਨਮੋਲ, ਪਰਮਜੀਤ ਕੌਰ ਪਤਨੀ ਭੋਲਾ ਸਿੰਘ ਵਾਸੀ ਮੀਮਸਾ ਤੇ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੇ ਕੰਮਕਾਜ 'ਚ ਵਿਘਨ, ਗਾਲੀ ਗਲੋਚ, ਹੁਲੜਬਾਜ਼ੀ ਅਤੇ ਬੰਦੀ ਬਣਾਉਣ ਦੇ ਯਤਨ ਕੀਤੇ, ਹਰ ਜਗ੍ਹਾ ਕੰਮਕਾਜ 'ਚ ਵਿਘਨ ਪਾਉਣ 'ਤੇ ਉਨ੍ਹਾਂ ਵਲੋਂ ਮਾਮਲਾ ਦਰਜ ਕਰਵਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਖੁੱਲ੍ਹੀ ਬੋਲੀ ਦੀ ਪ੍ਰਕ੍ਰਿਆ ਨੇਪਰੇ ਚੜ੍ਹਾਈ ਗਈ | ਇਸ ਸੰਬੰਧੀ ਜ਼ਿਲ੍ਹਾ ਸੈਕਟਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਉੱਪਰ ਦਰਜ ਕਰਵਾਏ ਮਾਮਲੇ ਦੇ ਦੋਸ਼ ਬੇਬੁਨਿਆਦ ਹਨ, ਧਰਨੇ ਤੇ ਰੋਸ ਪ੍ਰਦਰਸ਼ਨ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ | ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੰਮੀ ਬੋਲੀ ਦੇ ਰੋਸ 'ਤੇ 6 ਜੂਨ ਡੀ.ਸੀ. ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ |