ਆਈ.ਐਮ.ਏ. ਨਾਲ ਸਬੰਧਤ ਸਥਾਨਕ ਡਾਕਟਰਾਂ ਅਤੇ ਪ੍ਰਸ਼ਾਸਨ ਦਰਮਿਆਨ ਹੋਈ ਮੀਟਿੰਗ

ਧੂਰੀ, 6 ਅਪ੍ਰੈਲ (ਮਹੇਸ਼ ਜਿੰਦਲ) - ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਧੂਰੀ ਇਕਾਈ ਨਾਲ ਸਬੰਧਤ ਡਾਕਟਰਾਂ ਅਤੇ ਪ੍ਰਸ਼ਾਸਨ ਦਰਮਿਆਨ ਮੀਟਿੰਗ ਸਥਾਨਕ ਐਸ.ਡੀ.ਐਮ. ਦਫਤਰ ਵਿਖੇ ਹੋਈ। ਜਿਸ ਵਿਚ ਐਸ.ਡੀ.ਐਮ ਧੂਰੀ ਲਤੀਫ ਅਹਿਮਦ, ਵਿਧਾਇਕ ਦਲਵੀਰ ਸਿੰਘ ਗੋਲਡੀ, ਐਸ.ਐਮ.ਓ ਧੂਰੀ ਡਾ. ਗੁਰਸ਼ਰਨ ਸਿੰਘ, ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਗਦੀਸ਼ ਰਾਜ ਜਿੰਦਲ, ਜਨਰਲ ਸਕੱਤਰ ਡਾ. ਸੁਭਾਸ਼ ਜਿੰਦਲ, ਡਾ. ਰਮੇਸ਼ ਸ਼ਰਮਾ ਸਮੇਤ ਹੋਰ ਡਾਕਟਰ ਸ਼ਾਮਲ ਹੋਏ। ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਧੂਰੀ ਇਕਾਈ ਦੇ ਸਕੱਤਰ ਡਾ. ਸੁਭਾਸ਼ ਜਿੰਦਲ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਜਿਥੇ ਮਰੀਜ਼ਾਂ ਦੀ ਰੂਟੀਨ ਚੈਕਿੰਗ ਲਈ ਰੋਜਾਨਾ ਸਵੇਰੇ 8 ਵਜੇ ਤੋਂ 11 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ ਉਥੇ ਐਮਰਜੈਂਸੀ ਸੇਵਾ 24 ਘੰਟੇ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਕੋਰੋਨਾ ਨਾਲ ਪੀੜਤ ਮਰੀਜਾਂ ਦਾ ਇਲਾਜ ਸਿਰਫ ਸਿਵਲ ਹਸਪਤਾਲ ਧੂਰੀ ਵਿਖੇ ਹੀ ਹੋਵੇਗਾ। ਉਨਾਂ ਤੇਜ਼ ਬੁਖਾਰ, ਖਾਂਸੀ ਅਤੇ ਸਾਂਹ ਲੈਣ ਵਿੱਚ ਦਿੱਕਤ ਮਹਿਸੂਸ ਕਰਨ ਵਾਲੇ ਮਰੀਜ਼ਾਂ ਨੂੰ ਸਿੱਧਾ ਸਥਾਨਕ ਸਿਵਲ ਹਸਪਤਾਲ ਵਿਖੇ ਸੰਪਰਕ ਕਰਨ ਦੀ ਸਲਾਹ ਦਿੱਤੀ। ਉਨਾਂ ਦਵਾਈਆਂ ਮੁਹੱਈਆ ਕਰਵਾਉਣ ਸੰਬੰਧੀ ਹਸਪਤਾਲ ਦੇ ਨੇੜਲੇ ਕੈਮਿਸਟਾਂ ਦੀਆਂ ਦੁਕਾਨਾਂ ਖੁੱਲੇ ਰਹਿਣ ਦਾ ਵੀ ਭਰੋਸਾ ਦਿਵਾਇਆ।