-ਬਾਹਰਲੇ ਸੂਬਿਆਂ ਤੋਂ ਪੰਜਾਬ ਅੰਦਰ ਝੋਨਾ ਲਿਆਉਣ ਤੇ ਪੂਰੀ ਪਾਬੰਦੀ ਲਗਾਉਣ ਦੀ ਕੀਤੀ ਮੰਗ, ਪੰਜਾਬ ਦੇ ਲੋਕ ਇਸਦਾ ਕਰਾਰਾ ਜਵਾਬ ਦੇਣਾ ਜਾਣਦੇ ਨੇਦੋਰਾਹਾ, 28 ਅਕਤੂਬਰ (ਆਨੰਦ)-ਕੁੱਲ ਹਿੰਦ ਕਿਸਾਨ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਬੀ.ਜੇ.ਪੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆ ਪੱਖੀ ਬਿਲਾਂ ਵਿਰੁੱਧ ਕਿਸਾਨਾਂ ਵਲੋਂ ਚਲਾਏ ਜਾ ਰਹੇ ਸੰਘਰਸ਼ ਵਿੱਚ ਸ਼ਾਮਲ ਹੋ ਕੇ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਏ.ਕੇ.ਐਫ ਦੇ ਸਰਗਰਮ ਮੈਂਬਰ ਅਮਨਜੀਤ ਸਿੰਘ ਦੀ ਬੇਵਕਤੀ ਮੌਤ ਅਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਮੁਆਵਵਜ਼ਾ ਦੇਣ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਭੰਗੂ ਨੇ ਕਿਸਾਨ ਵਿਰੋਧੀ ਕਨੂੰਨਾਂ ਵਿਰੁੱਧ ਚੱਲ ਰਹੇ ਸਫਲ ਸੰਘਰਸ਼ ਸਬੰਧੀ ਰਿਪੋਰਟ ਪੇਸ਼ ਕੀਤੀ, ਜਿਸ ਉਪੱਰ ਚਰਚਾ ਕਰਨ ਉਪਰੰਤ ਇਸ ਨੂੰ ਸਵੀਕਾਰ ਕਰ ਲਿਆ ਗਿਆ। ਬਹਿਸ ਵਿੱਚ ਕੁਲਦੀਪ ਸਿੰਘ, ਪਵਨ ਕੁਮਾਰ ਕੌਸ਼ਲ, ਇਕਬਾਲ ਸਿੰਘ ਮੰਡੌਲੀ, ਜ਼ੋਰਾ ਸਿੰਘ ਅਤੇ ਪਵਨ ਕੁਮਾਰ ਸੋਗਲਪੁਰ ਨੇ ਆਪਣੇ ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀ.ਜੇ.ਪੀ ਨੇਤਾਵਾਂ ਵਲੋਂ ਕਿਸਾਨੀ ਸੰਘਰਸ਼ ਨੂੰ 'ਵਿਚੋਲਿਆਂ' ਦਾ ਸੰਘਰਸ਼ ਕਹਿਣ ਦੀ ਸਖਤ ਨਿੰਦਾਂ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਖੁਦ ਬਹੂ-ਕੌਮੀ ਕੰਪਨੀਆਂ, ਕਾਰਪੋਰੇਟ ਤੇ ਇਜਾਰੇਦਾਰ ਘਰਾਣਿਆਂ ਦੀ ਵਿਚੋਲੀ ਅਤੇ ਭਾਈਵਾਲਾਂ ਵਜੋਂ ਕੰਮ ਕਰ ਰਹੀ ਹੈ। ਮੀਟਿੰਗ ਵਿੱਚ ਬਾਹਰਲੇ ਸੂਬਿਆਂ ਤੋਂ ਪੰਜਾਬ ਅੰਦਰ ਝੋਨਾ ਲਿਆਉਣ ਤੇ ਪੂਰੀ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਸਰਕਾਰ ਨੂੰ ਕਿਹਾ ਕਿ ਉਹ ਕੇਂਦਰੀ ਖੇਤੀ ਬਿਲਾਂ ਵਿੱਚ ਸੋਧਾਂ ਕਰਨ ਦੇ ਸਬੰਧਤ ਧਿਰਾਂ ਨਾਲ ਵਿਚਾਰ ਵਟਾਦਰਾਂ ਕਰਕੇ ਆਪਣੇ ਕਾਨੂੰਨ ਬਣਾਵੇ। ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਕੋਲਾ ਅਤੇ ਖਾਦ ਪਹੁੰਚਾਉਣ ਵਾਲੀਆਂ ਮਾਲ ਗੱਡੀਆਂ ਬੰਦ ਕਰਨ ਨੂੰ ਕੇਂਦਰ ਸਰਕਾਰ ਦੀ ਪੰਜਾਬ ਦਾ ਮਹੌਲ ਵਿਗਾੜਨ ਦੀ ਇੱਕ ਕੋਝੀ ਚਾਲ ਦੱਸਿਆ ਅਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸਦਾ ਕਰਾਰਾ ਜਵਾਬ ਦੇਣਾ ਜਾਣਦੇ ਹਨ। ਕੇਂਦਰ ਸਰਕਾਰ ਸਾਰੀਆਂ ਕਿਸਾਨੀ ਜਿਨਸਾਂ ਦਾ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਭਾਅ ਨਿਸਚਿਤ ਕਰਕੇ ਸਰਕਾਰੀ ਖਰੀਦ ਯਕੀਨੀ ਬਣਾਵੇ। ਮੀਟਿੰਗ ਵਿੱਚ ਹੋਰਨਾ ਤੋ ਬਿਨਾ ਸੁਖਦੇਵ ਸਿੰਘ, ਗੁਰਦੀਪ ਸਿੰਘ ਸਰਾਲਾ, ਹਾਕਮ ਸਿੰਘ ਮਨਾਣਾ, ਗੁਰਚਰਨ ਸਿੰਘ ਲਾਪਰਾਂ, ਪ੍ਰੇਮ ਸਿੰਘ ਆਦਿ ਵੀ ਸ਼ਾਮਲ ਸਨ।