ਮੀਂਹ ਪੈਣ ਨਾਲ ਖੇਤਾਂ ਵਿੱਚ ਹੋਈਆਂ ਲਹਿਰਾਂ-ਬਹਿਰਾਂਕਿਸਾਨਾਂ ਦੇ ਚਿਹਰੇ ਖਿੜੇ,ਆਮ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਰਾਮਾਂ ਮੰਡੀ,25 ਜੂਨ( ਬੁੱਟਰ) ਇਲਾਕੇ ਵਿੱਚ ਅੱਜ ਸਵੇਰੇ ਰੁਕ-ਰੁਕ ਕੇ ਮੀਂਹ ਪੈਣ ਨਾਲ਼ ਜਿੱਥੇ ਖੇਤਾਂ ਵਿੱਚ ਲਹਿਰਾਂ-ਬਹਿਰਾਂ ਹੋ ਗਈਆਂ ਹਨ, ਉੱਥੇ ਆਮ ਲੋਕਾਂ ਨੂੰ ਕੁਝ ਹੱਦ ਤੱਕ ਗਰਮੀ ਤੋਂ ਰਾਹਤ ਮਿਲ਼ੀ ਹੈ।ਪਿਛਲੇ ਦਿਨਾਂ 'ਚ ਤਾਪਮਾਨ ਵੱਧ ਹੋਣ ਕਾਰਨ ਜਿੱਥੇ ਝੋਨਾ ਲਾਉਣ 'ਚ ਕਿਸਾਨ ਵਰਗ ਨੂੰ ਬੇਹੱਦ ਦਿੱਕਤ ਪੇਸ਼ ਆ ਰਹੀ ਸੀ,aੁੱਥੇ ਲਾਇਆ ਹੋਇਆ ਝੋਨਾ ਵੀ ਵੱਧ-ਫੁੱਲ ਨਹੀਂ ਰਿਹਾ ਸੀ।ਖੇਤਾਂ ਵਿੱਚ ਨਰਮਾ-ਕਪਾਹ ਵੀ ਗਰਮੀ ਨਾਲ਼ ਝੁਲਸ ਰਿਹਾ ਸੀ।ਮਾਨਸੂਨੀ ਵਰਖਾ ਨਾਲ਼ ਖੇਤਾਂ ਵਿੱਚ ਝੋਨਾ ਲਾਉਣ ਦੀ ਗਤੀ ਤੇਜ਼ ਅਤੇ ਸੁਖਾਲੀ ਹੋ ਗਈ ਹੈ।ਮੀਂਹ ਨੇ ਨਰਮੇ,ਕਪਾਹ,ਹਰੇ ਚਾਰੇ ਅਤੇ ਸਬਜ਼ੀਆਂ ਆਦਿ ਤੋਂ ਮਿੱਟੀ-ਘੱਟਾ ਝਾੜ ਕੇ ਪੱਤਿਆਂ ਨੂੰ ਘਿਓ ਵਾਂਗ ਚਮਕਾ ਦਿੱਤਾ ਹੈ।ਮੌਸਮ ਰਮਣੀਕ ਹੋਣ ਨਾਲ਼ ਜੀਵ-ਜੰਤੂ ਅਤੇ ਪੰਛੀ ਵੀ ਮਸਤੀ ਕਰਦੇ ਨਜ਼ਰ ਆ ਰਹੇ ਹਨ।ਨੌਜਵਾਨ ਕਿਸਾਨ ਮਨਪ੍ਰੀਤ ਸਿੰਘ ਸੁਖਲੱਧੀ,ਅਮਨਦੀਪ ਸਿੰਘ ਬਾਘਾ ਅਤੇ ਹੈਪੀ ਸਿੰਘ ਸਹਾਰਨ ਨੇ ਕਿਹਾ ਕਿ ਇਹ ਮੀਂਹ ਫਸਲਾਂ ਨੂੰ ਘਿਉ ਵਾਂਗ ਲੱਗੇਗਾ।ਆਉਣ ਵਾਲ਼ੇ ਦਿਨਾਂ 'ਚ ਹੋਰ ਵਰਖਾ ਹੋਣ ਦੀ ਸੰਭਾਵਨਾ ਨਾਲ਼ ਕਿਸਾਨਾਂ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।