ਸਿਰਸਾ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਸਿਰਸਾ ਦੇ ਕੇਂਦਰੀ ਕਪਾਹ ਖੋਜ ਕੇਂਦਰ ਵਿੱਚ ਦੱਖਣੀ ਭਾਰਤ ਦੇ ਖੇਤੀਬਾੜੀ ਵਿਗਿਆਨੀਆਂ ਨੇ ਕਪਾਹ ਦੀਆਂ ਨਵੀਆਂ ਕਿਸਮਾਂ ਦੀ ਪਿੰਡ ਸ਼ਾਹਪੁਰ ਬੇਗੂ ਅਤੇ ਨੇਜਾਡੇਲਾ ਦੇ ਖੇਤਾਂ ਵਿੱਚ ਜਾ ਕੇ ਜਾਂਚ ਕੀਤੀ ਅਤੇ ਖੇਤੀਬਾੜੀ ਵਿਗਿਆਨੀਆਂ ਨੇ ਇਸਦੀ ਪੂਰੀ ਰਿਪੋਰਟ ਤਿਆਰ ਕੀਤੀ। ਸੀ. ਆਈ. ਸੀ. ਆਰ ਕੋਇੰਬਟੂਰ ਵਲੋਂ ਸੀਨੀਅਰ ਵਿਗਿਆਨੀ ਬੀ ਚਰਿਆ ਜੋਠੀ, ਐਸ ਰਾਜੇਸ਼ਵਰੀ ਅਤੇ ਗੁਨਟੰਰ ਵਲੋਂ ਖੇਤੀਬਾੜੀ ਵਿਗਿਆਨੀ ਐਸ ਸਿਪਾਹੀ, ਉਸ਼ਾ ਰਾਣੀ, ਬੀ ਸ਼੍ਰੀ ਲਕਸ਼ਮੀ ਨੇ ਕੇਂਦਰ ਵਿੱਚ ਕਪਾਹ ਦੀਆਂ ਕਿਸਮਾਂ ਸਬੰਧੀ ਜਾਣਕਾਰੀ ਲਈ ਅਤੇ ਦਿੱਤੀ। ਉਨ੍ਹਾਂ ਕਿਹਾ ਕਿ ਕਪਾਹ ਦੀਆਂ ਉੱਨਤ ਕਿਸਮਾਂ ਨੂੰ ਤਿਆਰ ਕੀਤਾ ਜਾਵੇ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਮਿਲੇ। ਉਨ੍ਹਾਂ ਕਿ ਜੇ ਕਿਸਾਨਾਂ ਨੂੰ ਬੀਜ ਲਈ ਚੰਗੀ ਕਿਸਮ ਮਿਲੇਗੀ ਤਾਂ ਇਸਤੋਂ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਮੁਨਾਫ਼ਾ ਮਿਲੇਗਾ। ਉਨ੍ਹਾਂ ਪਿੰਡ ਸ਼ਾਹਪੁਰ ਬੇਗੂ ਵਿੱਚ ਪ੍ਰਗਤੀਸ਼ੀਲ ਮਹਿਲਾ ਕਿਸਾਨ ਮੰਜੂ ਰਾਣੀ ਦੁਆਰਾ ਲਾਈ ਗਈ ਪ੍ਰਦਰਸ਼ਨੀ ਪਲਾਂਟ ਦੀ ਵੀ ਜਾਂਚ-ਪੜਤਾਲ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਔਰਤਾਂ ਅੱਜ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਹੁਣ ਦੀਆਂ ਔਰਤਾਂ ਉੱਨਤ ਕਿਸਮ ਦੇ ਬੀਜ ਤਿਆਰ ਕਰਕੇ ਜ਼ਿਆਦਾ ਮੁਨਾਫਾ ਕਮਾ ਰਹੀਆਂ ਹਨ। ਕਪਾਹ ਕੇਦਰ ਦੇ ਮੁਖੀ ਡਾ. ਦਲੀਪ ਮੋਂਗਾ ਨੇ ਦੱਸਿਆ ਕਿ ਕੇਂਦਰ ਵਿੱਚ ਬੀਜਾਂ ਦੀਆਂ ਕਈ ਕਿਸਮਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਹੁਣ ਅੱਗੇ ਮਨਜ਼ੂਰੀ ਮਿਲਣੀ ਹੈ। ਉਨ੍ਹਾਂ ਦੱਸਿਆ ਕਿ ਦੱਖਣ ਭਾਰਤ ਦੇ ਵਿਗਿਆਨੀ ਸਮੇਂ ਸਮੇਂ ਤੇ ਕਪਾਹ ਨਰਮੇ ਅਤੇ ਹੋਰ ਕਿਸਮਾਂ ਦੀ ਜਾਂਚ-ਪੜਤਾਲ ਕਰਦੇ ਰਹਿੰਦੇ ਹਨ।