ਬੋਨਸ ਵਿੱਚ ਕਟੌਤੀ ਕੀਤੀ ਤਾਂ 22 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਰੇਲ ਦਾ ਚੱਕਾ ਜਾਮ

ਰਾਜਪੁਰਾ, 21 ਅਕਤੂਬਰ(ਰਾਜੇਸ਼ ਡਾਹਰਾ) ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਦੇ ਰਾਜਪੁਰਾ ਸੈਕਸ਼ਨ ਦੇ ਕਰਮਚਾਰੀਆਂ ਵੱਲੋਂ ਬੋਨਸ ਦਾ ਐਲਾਨ ਨਾ ਹੋਣ ਦੇ ਰੋਸ ਵਜੋਂ ਅੱਜ ਗੇਟ ਮੀਟਿੰਗ ਕੀਤੀ।ਇਸ ਗੇਟ ਮੀਟਿੰਗ ਦੀ ਪ੍ਰਧਾਨਗੀ ਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਤੇ ਬਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਬੋਲਦਿਆਂ ਅੰਬਾਲਾ ਮੰਡਲ ਦੇ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਕਰਮਚਾਰੀਆਂ ਨਾਲ ਧੱਕੇ-ਸ਼ਾਹੀ ਦਿਨੋਂ ਦਿਨ ਵਧਦੀ ਜਾ ਰਹੀ ਹੈ।ਪਹਿਲਾਂ ਕੇਦਰੀ ਕਰਮਚਾਰੀਆਂ ਦਾ ਡੀ. ਏ 2021 ਤੱਕ ਰੋਕ ਦਿੱਤਾ ਗਿਆ ਜੋ ਬਿਲਕੁਲ ਗੈਰ ਸੰਵਿਧਾਨਕ ਹੈ। ਉਸ ਤੋਂ ਬਾਅਦ ਰੇਲਵੇ ਕਰਮਚਾਰੀਆਂ ਦੀਆਂ 50 ਪ੍ਰਤੀਸ਼ਤ ਪੋਸਟਾਂ ਨੂੰ ਖ਼ਤਮ ਕਰਨ ਦਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਗਿਆ ਅਤੇ ਹੁਣ ਕਰਮਚਾਰੀਆਂ ਦਾ ਸਾਲ 2019-2020 ਜੋ ਬੋਨਸ ਹਰ ਸਾਲ ਕਰਮਚਾਰੀਆਂ ਨੂੰ ਮਿਲਦਾ ਸੀ ਉਸ ੳੱਪਰ ਰੋਕ ਲਗਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।ਜਿਸ ਦਾ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਵੱਲੋਂ ਸਖ਼ਤ ਵਿਰੋਧ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੇ ਬੋਨਸ ਵਿੱਚ ਕਟੌਤੀ ਕੀਤੀ ਤਾਂ 22 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਰੇਲ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਤੋਂ ਭਾਰਤ ਵਿੱਚ ਕਰੋਨਾ ਮਹਾਂਮਾਰੀ ਕਾਰਨ ਲੋਕਡਾਊਨ ਲੱਗਿਆ ਉਸ ਦਿਨ ਤੋਂ ਰੇਲਵੇ ਕਰਮਚਾਰੀ ਦਿਨ ਰਾਤ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਭਾਰਤੀ ਰੇਲ ਨੂੰ ਚਲਾ ਰਹੇ ਹਨ, ਪਰ ਕੇਂਦਰ ਸਰਕਾਰ ਕਰਮਚਾਰੀਆਂ ਨੂੰ ਇਨਾਮ ਵਜੋਂ ਉਨ੍ਹਾਂ ਦਾ ਡੀ.ਏ ਅਤੇ ਬੋਨਸ ਵਰਗੇ ਹੱਕ ਵੀ ਖੋਹ ਰਹੀ ਹੈ ਜੋ ਬਿਲਕੁਲ ਹੀ ਗੈਰ ਸੰਵਿਧਾਨਕ ਹੈ।ਐਨ.ਪੀ.ਐਸ ਸਕੀਮ ਵੀ ਕਰਮਚਾਰੀਆਂ ਲਈ ਹਾਨੀਕਾਰਕ ਹੈ।ਰੇਲਵੇ ਵਿੱਚ ਨਿੱਜੀਕਰਨ ਲਗਾਤਾਰ ਵੱਧ ਰਿਹਾ ਹੈ ਜਿਸ ਨਾਲ ਦੇਸ਼ ਵਿੱਚ ਪੂੰਜੀਪਤੀਆਂ ਨੂੰ ਲਾਭ ਮਿਲ ਰਿਹਾ ਹੈ। ਇਸ ਮੌਕੇ ਬਾਾਂਚ ਪ੍ਰਧਾਨ ਜਸਮੇਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਲਾਮਬੰਦ ਹੋਣਾ ਪਵੇਗਾ,ਸਾਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਪਵੇਗਾ ।ਜੇਕਰ ਅਸੀਂ ਇਕੱਠੇ ਹੋ ਕੇ ਸੰਘਰਸ਼ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ ਨਹੀਂ ਕਰਨਗੀਆਂ। ਇਸ ਮੌਕੇ ਤਾਰਾ ਨੰਦ ਝਾਅ ,ਰਾਮ ਸਲੇਸ਼ ਮਾਂਝੀ,ਮਨਜੀਤ ਸਿੰਘ,ਜਸਪਾਲ ਸਿੰਘ,ਕ੍ਰਿਸ਼ਨ ਸਿੰਘ,ਕਰਮਜੀਤ ਸਿੰਘ,ਮਹਿੰਦਰ ਪਾਸਵਾਨ, ਰਿਸ਼ੀਪਾਲ, ਉਪਿੰਦਰ ਕੁਮਾਰ ਅਤੇ ਹੋਰ ਸੈਂਕੜੇ ਕਰਮਚਾਰੀ ਸ਼ਾਮਲ ਸਨ।