ਪਟਿਆਲਾ, 15 ਮਾਰਚ(ਪੀ ਐੱਸ ਗਰੇਵਾਲ)- ਬੀਤੇ ਦਿਨੀ ਪੰਜਾਬ ਇਸਤਰੀ ਸਭਾ ਪਟਿਆਲਾ ਵਲੋਂ ਇੰਟਰਨੈਸ਼ਨਲ ਵੂਮੈਨ ਡੇ ਮਨਾਇਆ ਗਿਆ। ਜਿਸ ਵਿੱਚ ਰਵਿੰਦਰ ਜੀਤ ਕੌਰ ਨੇ ਮੋਦੀ ਸਰਕਾਰ ਦੇ ਸਮੇਂ ਵਿੱਚ ਦੇਸ਼ ਦੇ ਸਮਾਜਿਕ, ਰਾਜਨੀਤਿਕ ਹਾਲਾਤਾਂ, ਨੋਟਬੰਦੀ, ਜੀ.ਐਸ.ਟੀ., ਜੀ.ਡੀ.ਪੀ. ਲਾਭ ਦਿੰਦੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਲੋਕ ਵਿਰੋਧੀ ਹੋਣ ਤੇ ਇਨ੍ਹਾਂ ਨੂੰ ਰੱਦ ਕਰਨ ਬਾਰੇ ਗੱਲ ਕੀਤੀ।ਹਰਸ਼ਰਨਜੀਤ ਕੌਰ ਨੇ ਦੇਸ਼ ਵਿੱਚ ਇਸਤਰੀ ਵਿਰੋਧੀ ਹਾਲਾਤ, ਔਰਤਾਂ ਦੀ ਅਸੁਰੱਖਿਆ ਤੇ ਧਰਮ ਅਤੇ ਜਾਤ ਅਧਾਰਤ ਨਫਰਤ ਫੈਲਾਉਣ ਤੇ ਦੇਸ਼ ਦੇ ਇਸਤਰੀ ਲਈ ਅਸੁਰੱਖਿਤ ਮਾਹੌਲ ਬਾਰੇ ਦੱਸਿਆ ਐਡਵੋਕੇਟ ਅਨੁਰਾਧਾ ਨੇ ਇਸਤਰੀ ਸੁਰੱਖਿਆ ਦੇ ਕਾਨੂੰਨਾਂ ਦੀ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਦੀ ਸਹਾਇਤਾ ਲੈਣ ਬਾਰੇ ਤੱਤਪਰ ਰਹਿਣ ਲਈ ਸੁਚੇਤ ਕੀਤਾ। ਦਲਜੀਤ ਕੌਰ ਨੇ ਔਰਤਾਂ ਦੇ ਸਮਾਜਿਕ ਹਾਲਤਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਤਿੰਨ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ ਤੇ ਸਾਰੀਆਂ ਫ਼ਸਲਾਂ ਉੱਤੇ ਐਮ.ਐਸ.ਪੀ. ਦਿੱਤੀ ਜਾਵੇ, ਪੈਟਰੋਲ ਉੱਤੇ ਜੀ.ਐਸ.ਟੀ. ਲਾਗੂ ਕੀਤਾ ਜਾਵੇ, ਦੇਸ਼ ਦੀ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 50# ਸੀਟਾਂ ਰਾਖਵੀਆਂ ਕੀਤੀਆਂ ਜਾਣ। ਅੰਤ ਵਿੱਚ ਕਲਰਚਰਲ ਪ੍ਰੋਗਰਾਮ ਪਿੱਛੋਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਇਸਤਰੀ ਵਿੰਗ ਦੇ ਰਜਿੰਦਰ ਕੌਰ, ਰਸ਼ਪਾਲ ਕੌਰ, ਰਣਜੀਤ ਕੌਰ, ਸਵਿੰਦਰ ਕੌਰ, ਬਲਜੀਤ ਕੌਰ, ਵੀਨਾ ਵਰਮਾ ਆਦਿ ਹਾਜਰ ਸਨ।