ਵਿਧਾਇਕ ਨੇ ਸਿਵਲ ਹਸਪਤਾਲ ਨੂੰ ਕੋਇਡ-19 ਨਾਲ ਨਜਿੱਠਣ ਸੰਬੰਧੀ ਲੋੜੀਂਦਾ ਸਮਾਨ ਦਿੱਤਾ

ਧੂਰੀ, 31 ਮਾਰਚ (ਮਹੇਸ਼ ਜਿੰਦਲ) - ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਜਿੱਠਣ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨਾਂ ਵੱਲੋਂ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਹਸਪਤਾਲ ਦੇ ਅਮਲੇ ਦੀ ਮੰਗ ਪੂਰੀ ਕਰਦਿਆਂ ਆਪਣੇ ਤੌਰ ’ਤੇ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਗੋਲਡੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਵਜਾਰਤ ਦਿਨ-ਰਾਤ ਇਸ ਵਾਇਰਸ ਵਿਰੁੱਧ ਡਟੇ ਹੋਏ ਹਨ ਅਤੇ ਪੰਜਾਬ ਵਾਸੀਆਂ ਦੀ ਭਲਾਈ ਲਈ ਦਿਨ-ਰਾਤ ਇੱਕ ਕਰ ਰਹੇ ਹਨ ਅਤੇ ਅਜਿਹੀ ਮਹਾਂਮਾਰੀ ਦੀ ਸਥਿਤੀ ਵਿੱਚ ਸਮਰਥ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਸਰਕਾਰ ’ਤੇ ਬੋਝ ਪਾਉਣ ਦੀ ਬਜਾਏ ਕੁੱਝ ਬੋਝ ਆਪਣੇ ਮੋਢਿਆਂ ਤੇ ਵੀ ਲਿਆ ਜਾਵੇ। ਉਨਾਂ ਕਿਹਾ ਕਿ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਉਨਾਂ ਦੀ ਵੀ ਜਿੰਮੇਵਾਰੀ ਬਣਦੀ ਹੈ, ਜਿਸ ਤਹਿਤ ਉਨਾਂ ਵੱਲੋਂ ਅੱਜ ਸਿਵਲ ਹਸਪਤਾਲ ਧੂਰੀ ਨੂੰ ਐਨ95 ਮਾਸਕ, ਪੀ.ਪੀ.ਈ ਕਿੱਟਸ, ਬੀ.ਪੀ. ਅਪਰੇਟਰਸ, ਪਲਸ ਆਕਸਮੀਟਰ ਸਮੇਤ ਹੋਰ ਲੋੜੀਂਦਾ ਸਮਾਨ ਦਿੱਤਾ ਗਿਆ ਹੈ ਅਤੇ ਬਾਕੀ ਹੋਰ ਲੋੜੀਦਾ ਸਮਾਨ ਕੁੱਝ ਕੁ ਦਿਨਾਂ ’ਚ ਮੁਹੱਈਆਂ ਕਰਵਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਹਸਪਤਾਲ ਦੀਆਂ ਹਰੇਕ ਜਰੂਰਤ ਦੀਆਂ ਵਸਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ ਅਤੇ ਕਿਸੇ ਚੀਜ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ, ਡੀ.ਐੱਸ.ਪੀ ਧੂਰੀ ਰਛਪਾਲ ਸਿੰਘ ਢੀਂਡਸਾ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਮਨੀਸ਼ ਗਰਗ, ਐੱਸ.ਐਮ.ਓ ਗੁਰਸ਼ਰਨ ਸਿੰਘ, ਡਾ. ਪ੍ਰਭਸਿਮਰਨ ਸਿੰਘ, ਡਾ.ਪ੍ਰਗਟ ਸਿੰਘ, ਡਾ. ਅਮਰਪ੍ਰੀਤ ਸਿੰਘ ਆਦਿ ਵੀ ਹਾਜਰ ਸਨ।