ਰਾਮਾਂ ਮੰਡੀ, 8 ਜੁਲਾਈ (ਬੁੱਟਰ) ਇਲਾਕੇ ਵਿੱਚ ਉਹਨਾਂ ਬੇਸਹਾਰਾ ਲੋਕਾਂ ਲਈ ਸਾਹਿਬਜ਼ਾਦਾ ਫਤਹਿ ਸਿੰਘ ਗਰੁੱਪ ਆਸ ਦੀ ਕਿਰਨ ਬਣ ਕੇ ਉੱਭਰਿਆ ਹੈ,ਜਿਹੜੇ ਕਮਾਈ ਦੇ ਸਾਰੇ ਸ੍ਰੋਤ ਬੰਦ ਹੋਣ ਕਾਰਨ ਪੇਟ ਦੀ ਪੂਰਤੀ ਕਰਨ ਤੋਂ ਅਸਮਰੱਥ ਹਨ।'ਕੋਈ ਨਾ ਸੌਵੇਂ ਭੁੱਖਾ' ਦਾ ਦ੍ਰਿੜ ਸੰਕਲਪ ਲੈ ਕੇ ਚੱਲੇ ਰਾਮਾਂ ਮੰਡੀ ਅਤੇ ਇਲਾਕੇ ਦੇ ਸਮਾਜ ਸੇਵਾ ਨੂੰ ਸਮਰਪਿਤ ਨੌਜਵਾਨਾਂ ਵੱਲੋਂ ਬਿਨਾ ਕਿਸੇ ਅਹੁਦੇਦਾਰੀ ਦੇ ਉਪਰੋਕਤ ਗਰੁੱਪ ਦਾ ਗਠਨ ਕਰ ਕੇ ਇਸ ਇਲਾਕੇ ਵਿਚ ਰਾਸ਼ਨ ਦੇ ਰੂਪ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਨੀ ਸ਼ੁਰੂ ਕੀਤੀ ਹੈ।ਗਰੁੱਪ ਦੇ ਸੇਵਦਾਰ ਲੋੜਵੰਦ ਪਰਿਵਾਰਾਂ ਦੀ ਵਿਹਾਰਕ ਤੌਰ 'ਤੇ ਸ਼ਨਾਖਤ ਕਰ ਕੇ ਨਿੱਜੀ ਤੌਰ 'ਤੇ ਸਮਾਂ ਕੱਢ ਕੇ ਲੋੜੀਂਦਾ ਰਾਸ਼ਨ ਸਬੰਧਤ ਪਰਿਵਾਰ ਤੱਕ ਪਹੁੰਚਾ ਰਹੇ ਹਨ।ਸ਼ੁਰੂ ਵਿੱਚ ਭਾਵੇਂ ਇੱਕ ਮਹੀਨੇ 'ਚ ਚਾਰ-ਪੰਜ ਪਰਿਵਾਰਾਂ ਦੀ ਜ਼ਰੂਰੀ ਰਾਸ਼ਨ ਨਾਲ਼ ਸੇਵਾ ਕੀਤੀ ਜਾਂਦੀ ਸੀ ਪਰ ਅੱਜ ਦਾਨਵੀਰਾਂ ਦੇ ਸਹਿਯੋਗ ਨਾਲ਼ ਹਰੇਕ ਮਹੀਨੇ ਤਕਰੀਬਨ 80 ਪਰਿਵਾਰਾਂ ਤੱਕ ਰਾਸ਼ਨ ਉਹਨਾਂ ਦੇ ਘਰ ਤੱਕ ਪੁੱਜਦਾ ਕੀਤਾ ਜਾਂਦਾ ਹੈ।ਬਹੁਤੇ ਦਾਨਵੀਰ ਖ਼ਾਸ ਮੌਕਿਆਂ ਨੂੰ ਸਮਰਪਿਤ ਲੋੜਵੰਦਾਂ ਲਈ ਰਾਸ਼ਨ ਖ਼ਰੀਦਣ ਲਈ ਨਗਦ ਰੂਪ 'ਚ ਦਾਨ ਕਰ ਰਹੇ ਹਨ।ਇਸ ਵਾਰ ਦਾਨਵੀਰਾਂ ਨੇ ਆਟਾ ਤਿਆਰ ਕਰਨ ਲਈ ਕਣਕ ਵੀ ਸੇਵਾ ਗਰੁੱਪ ਨੂੰ ਦਾਨ ਕੀਤੀ ਹੈ।ਜ਼ਿਕਰਯੋਗ ਹੈ ਕਿ ਇਸ ਵਾਰ ਸਰਦੀਆਂ ਦੇ ਮੌਕੇ ਲੋੜਵੰਦ ਲੋਕਾਂ ਤੱਕ ਗਰੁੱਪ ਵੱਲੋਂ ਗਰਮ ਕੰਬਲ,ਬਿਸਤਰੇ,ਕੋਟੀਆਂ,ਸਵੈਟਰ,ਬੂਟ,ਟੋਪੀਆਂ ਆਦਿ ਵੰਡੇ ਗਏ ਸਨ।