ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ।

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਭਾਰਤ ਦੀ ਸੰਸਕ੍ਰਿਤੀ, ਸੱਭਿਆਚਾਰ ਅਤੇ ਭੂਗੋਲਿਕ ਸਥਿਤੀ ਤੋਂ ਜਾਣੂ ਕਰਵਾਉਣ ਦੇ ਆਸ਼ੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੂਰ ਇੰਚਾਰਜ ਗੁਰਜੰਟ ਸਿੰਘ, ਜਸਪ੍ਰੀਤ ਕੌਰ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀਆਂ ਦਾ ਚਾਰ ਰੋਜ਼ਾ ਟੂਰ ਲਗਾਇਆ ਗਿਆ। ਟੂਰ ਦੀ ਅਗਵਾਈ ਕਰ ਰਹੇ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਟੂਰ ਸਬੰਧੀ ਦੱਸਿਆ ਕਿ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਸਭ ਤੋਂ ਪਹਿਲਾਂ ਪਿਹੋਵਾ ਗੁਰੂਦੁਆਰਾ ਬਾਉਲੀ ਸਾਹਿਬ ਜਾ ਨਤਮਸਤਕ ਹੋਏ ਅਤੇ ਫਿਰ ਪਿਹੋਵਾ ਤੋਂ ਕੁਰੂਕਸ਼ੇਤਰ ਪਹੁੰਚੇ ਅਤੇ ਇੱਥੋਂ ਦੀ ਭੂਗੋਲਿਕ ਸਥਿਤੀ ਤੇ ਚਾਨਣਾ ਪਾਇਆ ਗਿਆ, ਜਿਸ ਵਿੱਚ ਬ੍ਰਹਮ ਸਰੋਵਰ, ਰਣ ਭੂਮੀ ਤੋਂ ਇਲਾਵਾ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਵੀ ਕਰਵਾਏ ਗਏ। ਇਸ ਤੋਂ ਇਲਾਵਾ ਪਾਉਂਟਾ ਸਾਹਿਬ ਜਾ ਨਤਮਸਤਕ ਹੋਏ ਅਤੇ ਇਸ ਥਾਂ ਦੀ ਭੁਗੋਲਿਕ ਸਥਿਤੀ ਦੇ ਨਾਲ-ਨਾਲ ਧਾਰਮਿਕ, ਸੱਭਿਆਚਾਰਕ, ਆਰਥਿਕਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੂਸਰੇ ਦਿਨ ਦੀ ਸਵੇਰ ਨੂੰ ਇਹ ਟੂਰ ਉੱਤਰਾਖੰਡ ਟੇਹਰੀ ਰੋਡ, ਮਹਿੰਦਰਾਪੁਰ ਨੂੰ ਰਵਾਨਾ ਹੋਇਆ, ਇੱਥੇ ਇਹ ਟੂਰ ਬਰੂਕ ਸੌਂਗ ਕੈਂਪ ਤੇ ਰੁਕਿਆ ਜਿੱਥੋਂ ਕਿ ਬੱਚਿਆਂ ਅਤੇ ਸਟਾਫ਼ ਨੇ ਵਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ। ਟੂਰ ਦੀ ਵਾਪਸੀ ਮੌਕੇ ਗੁਰੂਦੁਆਰਾ ਅੰਬ ਸਾਹਿਬ ਮੋਹਾਲੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ-ਨਾਲ 17 ਸੈਕਟਰ, 22 ਸੈਕਟਰ ਅਤੇ 31-ਏ ਸੈਕਟਰ ਦਾ ਜਪਾਨੀ ਪਾਰਕ ਦੇਖਦੇ ਹੋਏ ਖੂਬ ਆਨੰਦ ਮਾਣਿਆ। ਇਸ ਟੂਰ ਦੌਰਾਨ ਸਾਰੇ ਸਟਾਫ ਨੇ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਈ।