ਕਈ ਵਾਰ ਅਣਜਾਣ ਰਾਹਾਂ ਤੇ ਤੁਰਦੇ ਅਣਜਾਣ ਰਾਹੀ ਮਿਲ ਜਾਂਦੇ ਨੇ ਤੇ ਪਤਾ ਈ ਨੀ ਚਲਦਾ ਕਦੋ ਓਹ ਆਪਣੇ ਵੀ ਹੋ ਜਾਂਦੇ ਨੇ,ਇੰਝ ਹੀ ਹੋਇਆ ਜਦ ਲਗਾਤਾਰ ਕਈ ਸਾਲ ਹਰ ਸ਼ਨੀਵਾਰ ਚੰਡੀਗੜ ਜਾਣਾ ਪਿਆ,ਤਾਂ ਰਾਹ ਚ ਇਕ ਬੁਜਰਗ ਬੀਬਾ ਜਿਹਾ ਬਾਬਾ ਜਿਸ ਦੀ ਉਮਰ 90 ਦੇ ਕਰੀਬ ਹੋਣੀ ਹਮੇਸ਼ਾ ਸੋਚਾਂ ਚ ਡੁੱਬੀ ਨੂੰ ਰੇਲਵੇ ਫਾਟਕ ਖੁੱਲਣ ਦੀ ਉਡੀਕ ਚ ਖੜੀ ਨੂੰ ਹਲੂਣਦਾ,ਬੀਬਾ ਕੁਛ ਖਰੀਦ ਲੈ,ਮਾਰੂੰਡਾ ਜਾ ਫੇਰ ਮੱਕੀ ਦੇ ਦਾਣੇ..ਮੈਂ ਉਹਦੀ ਬੀਬੀ ਜਿਹੀ ਸੂਰਤ ਵੱਲ ਵੇਖ ਸੋਚ ਬੈਠੀ ਕਿ ਕਿੱਥੇ ਇਸ ਉਮਰ ਚ ਵੀ ਮਿਹਨਤ ਕਰਦਾ ਬਿਨਾ ਸਾਮਾਨ ਖ਼ਰੀਦੇ ਜਦੋਂ ਪੈਸੇ ਦੇਣੇ ਚਾਹੇ ਤਾ ਉਹਨੇ ਵਾਪਿਸ ਕਰ ਦਿਤੇ ਕ ਓਹਨੇ ਜੇ ਮੰਗਣਾ ਈ ਹੁੰਦਾ ਤਾਂ ਆਪਣੀ ਔਲਾਦ ਤੋਂ ਬੈਠ ਕੇ ਨਾ ਖਾਂਦਾ,ਉਹਦੀ ਖੁਦਗਰਜ਼ੀ ਦੀ ਕਾਯਲ ਜਿਆਦਾ ਸਾਮਾਨ ਖਰੀਦ ਲੈਂਦੀ ਜਾਂ ਅਕਸਰ ਸਾਰਾ ਹੀ,ਹੌਲੀ ਹੌਲੀ ਸਾਨੂੰ ਇਕ ਦੂਜੇ ਦੀ ਉਡੀਕ ਰਹਿਣ ਲੱਗੀ,ਆਦਤ ਜਿਹੀ ਹੋ ਗਈ ਇੱਕ ਦੂਜੇ ਦੀ।ਕਿਸੇ ਵੀ ਕਾਰ ਚ ਓਹ ਮੈਨੂੰ ਲੱਭਦਾ ਜੇ ਉਹ ਨਾ ਦਿਖਦਾ ਤਾਂ ਮੈਂ ਕਾਰ ਪਾਸੇ ਲਗਾ ਉਹ੍ਨੁੰ ਉਡੀਕਦੀ,ਇਕ ਰਿਸ਼ਤਾ ਪਿਓ ਧੀ ਵਾਲਾ ਬਣ ਗਿਆ,ਜਿਸ ਮਾਂ ਖਾਤਿਰ ਚੰਡੀਗੜ੍ਹ ਜਾਂਦੀ ਸੀ,ਉਹ ਕੁਛ ਮਹੀਨੇ ਪਹਿਲਾਂ ਮੁੱਕ ਗਈ ਜਾਣਾ ਘਟ ਗਿਆ,ਕੱਲ ਫੇਰ ਓਹੀ ਰਾਹ ਗਈ ਤਾ ਬੁਜਰ੍ਗ ਕਾਫ਼ੀ ਕਮਜੋਰ ਹੋਏ ਕਾਰ ਅੱਗੇ ਆ ਖੜ ਗਿਆ,ਧੀਏ ਕਿਥੇ ਸੀ ਏਨੇ ਦਿਨ ਅੱਖਾਂ ਵੈਰਾਗ ਗਈਆ,ਮੇਰੇ ਕੁਝ ਬੋਲਣ ਤੋਂ ਪਹਿਲਾ ਹੀ ਸਾਮਾਨ ਫ਼ੜਾ ਦਿਤਾ ਕਿ ਇਹ ਮਾਤਾ ਤੇਰੀ ਲਈ ਫਿਰ ਕੀ ਹਾਲ ਹੁਣ ਓਹਦਾ ?ਮੈਂ ਦੱਸਿਆ ਕਿ ਓਹ ਤਾ ਮੁੱਕ ਗਈ ਕਹਿੰਦਾ ਮੈਂ ਵੀ ਬੇਟਾ ਮਰਦਾ ਮਰਦਾ ਬਚਿਆ ਹਰ ਕਾਰ ਚੋਂ ਤੈਨੁੰ ਲੱਭਦਾ ਸੀ,ਤਾ ਇਕ ਕਾਰ ਵਾਲਾ ਫੇਟ ਮਾਰ ਗਿਆ,ਸਾਹ ਰੋਕੀ ਰੱਖੇ ਤੇ ਤੂੰ ਮੈੰਨੂੰ ਲੱਭੇ ਕਿ ਬਾਬਾ ਕਿੱਥੇ ਗਿਆ,ਹੁਣ ਤੂੰ ਦੱਸ ਕਿੱਥੇ ਸੀ ਐਨੇ ਦਿਨ?ਮੈਂ ਕਾਰ ਪਾਸੇ ਲਾ ਓਹਦੀ ਕਹਾਣੀ ਸੁਣੀ ਤੇ ਆਪਣੀ ਸੁਣਾਈ,ਅਸੀਂ ਦੋਨੋ ਜੀ ਭਰ ਰੋਏ,ਕੀ ਰਿਸ਼ਤਾ ਸਾਡੇ ਵਿਚਕਾਰ ਬਣ ਗਿਆ ਇਕ ਵਾਅਦੇ ਨਾਲ ਕਿ ਹੁਣ ਕਦੀ ਬਿਨਾ ਮਿਲੇ ਨਹੀ ਜਾਣਾ ...ਰਮਣੀਕ ਕੌਰ ਸੰਧੂ