ਤਲਵੰਡੀ ਸਾਬੋ, 2 ਮਾਰਚ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ ਤੋਂ ਵਿਅਕਤੀ ਦੀ ਲਾਸ ਗੋਲੇਵਾਲਾ ਹੈਡ ਤੋਂ ਨਿਕਲਦੇ ਮੰਮੜਖੇੜਾ ਬ੍ਰਾਂਚ ਪਿੰਡ ਭਾਦੜਾ (ਜਿਲ੍ਹਾ ਸਿਰਸਾ, ਹਰਿਆਣਾ) ਨੇੜਿਓਂ ਬਰਾਮਦ ਕੀਤੀ ਗਈ ਹੈ। ਸੀਂਗੋ ਚੌਂਕੀ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨ ਤੇ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਗੁਰਮੀਤ ਕੌਰ ਦੀ ਸ਼ਾਦੀ ਕਰੀਬ 16 ਸਾਲ ਪਹਿਲਾਂ ਸੇਵਾ ਸਿੰਘ ਵਾਸੀ ਕਲਾਲਵਾਲਾ (ਮ੍ਰਿਤਕ) ਨਾਲ ਹੋਈ ਸੀ ਪ੍ਰੰਤੂ ਪਿਛਲੇ ਤਿੰਨ ਸਾਲਾਂ ਤੋਂ ਉਕਤ ਸੇਵਾ ਸਿੰਘ ਦੇ ਤਲਵੰਡੀ ਸਾਬੋ ਦੀ ਇੱਕ ਸ਼ਾਦੀਸ਼ੁਦਾ ਔਰਤ ਨਾਲ ਕਥਿਤ ਨਜਾਇਜ ਸਬੰਧ ਸਨ, ਭਾਵੇਂ ਕਿ ਪਰਿਵਾਰ ਵੱਲੋਂ ਵਾਰ ਵਾਰ ਸਮਝਾਉਣ ਤੋਂ ਬਾਅਦ ਵੀ ਸੇਵਾ ਸਿੰਘ ਦੇ ਉਸ ਨਾਲ ਸਬੰਧ ਜਾਰੀ ਸਨ। ਸੇਵਾ ਸਿੰਘ ਦੀ ਪਤਨੀ ਗੁਰਮੀਤ ਕੌਰ ਵੱਲੋਂ ਦਰਜ ਕਰਵਾਏ ਬਿਆਨ ਮੁਤਾਬਕ ਸੇਵਾ ਸਿੰਘ ਨੂੰ ਉਕਤ ਔਰਤ ਨਜਾਇਜ ਤੰਗ ਪ੍ਰੇਸ਼ਾਨ ਕਰਦੀ ਸੀ ਅਤੇ ਪਰਿਵਾਰ ਨੂੰ ਛੱਡ ਕੇ ਆਪਣੇ ਨਾਲ ਤਲਵੰਡੀ ਸਾਬੋ ਰਹਿਣ ਲਈ ਮਜਬੂਰ ਕਰਦੀ ਸੀ ਜਿਸ ਬਾਰੇ ਸੇਵਾ ਸਿੰਘ ਆਪਣੇ ਘਰੇ ਵੀ ਦਸਦਾ ਸੀ। ਦਰਜ ਮਕੁੱਦਮੇ ਅਨੁਸਾਰ 26 ਫਰਵਰੀ ਨੂੰ ਉਕਤ ਸੇਵਾ ਸਿੰਘ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਸਨੂੰ ਤਲਵੰਡੀ ਸਾਬੋ ਕੋਈ ਕੰਮ ਹੈ ਉਹ ਕੱਲ ਨੂੰ ਆਵੇਗਾ ਤੇ ਉਹ ਵਾਪਸ ਨਹੀ ਆਇਆ ਜਿਸਦੀ ਸੂਚਨਾ 27 ਫਰਵਰੀ ਨੂੰ ਸੀਂਗੋ ਚੌਕੀ ਵਿਖੇ ਦਰਜ ਕਰਵਾਈ ਗਈ ਪਰ ਹੁਣ ਗੁੰਮਸ਼ੁਦਾ ਸੇਵਾ ਸਿੰਘ ਦੀ ਮ੍ਰਿਤਕ ਦੇਹ ਮੰਮੜਖੇੜਾ ਬ੍ਰਾਂਚ ਪਿੰਡ ਭਾਦੜਾ (ਜਿਲ੍ਹਾ ਸਿਰਸਾ, ਹਰਿਆਣਾ) ਨੇੜਿਓਂ ਬਰਾਮਦ ਕੀਤੀ ਗਈ ਹੈ ਜਦਕਿ ਸਿੰਗੋ ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ਤੇ ਫੰਬੀ ਕੌਰ ਵਾਸੀ ਤਲਵੰਡੀ ਸਾਬੋ ਖਿਲਾਫ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਲਾਸ਼ ਦਾ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚੋ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।