ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਦੀ ਸੇਵਾਮੁਕਤੀ ਤੇ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਨਮਾਨਿਤ।

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਤੌਰ ਮੈਨੇਜਰ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਭਾਈ ਕਰਨ ਸਿੰਘ ਅੱਜ ਸੇਵਾਮੁਕਤ ਹੋ ਗਏ। ਅੱਜ ਸੇਵਾਮੁਕਤੀ ਮੌਕੇ ਸਭ ਤੋਂ ਪਹਿਲਾਂ ਭਾਈ ਕਰਨ ਸਿੰਘ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼ਬਦ ਕੀਰਤਨ ਉਪਰੰਤ ਅਰਦਾਸ ਹੋਈ ਤੇ ਸਮੁੂੰਹ ਤਖਤ ਸਾਹਿਬ ਦੇ ਮੁਲਾਜਮਾਂ ਵੱਲੋਂ ਉਨਾਂ ਨੂੰ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵਿਸ਼ੇਸ ਤੌਰ ‘ਤੇ ਹਾਜਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਕਰਨ ਸਿੰਘ ਵੱਲੋਂ ਤਖਤ ਸਾਹਿਬ ਦੀ ਸੇਵਾ ਇਮਾਨਦਾਰੀ ਅਤੇ ਪੂਰੀ ਮਿਹਨਤ ਨਾਲ ਨਿਭਾਉਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਸਮੂਹ ਮੁਲਾਜਮਾਂ ਨੂੰ ਉਨਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਸੰਬੋਧਨ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਭਾਈ ਮੋਹਣ ਸਿੰਘ ਬੰਗੀ ਅਤੇ ਜਥੇਦਾਰ ਗੁਰਤੇਜ ਸਿੰਘ ਢੱਡੇ ਨੇ ਵੀ ਭਾਈ ਕਰਨ ਸਿੰਘ ਦੇ ਮੈਨੇਜਰ ਕਾਲ ਦੌਰਾਨ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸੇ ਸੇਵਾਮੁਕਤੀ ਨੂੰ ਲੈ ਕੇ ਬੀਤੀ ਸ਼ਾਮ ਵੀ ਭਾਈ ਕਰਨ ਸਿੰਘ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਭਾਈ ਕਰਨ ਸਿੰਘ ਨੇ ਸਮੁੱਚੇ ਕਾਰਜਕਾਲ ਦੌਰਾਨ ਉਨਾਂ ਦਾ ਸਹਿਯੋਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ, ਧਾਰਮਿਕ ਜਥੇਬੰਦੀਆਂ ਅਤੇ ਮੁਲਾਜਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਅਮਰੀਕ ਸਿੰਘ ਕੋਟਸ਼ਮੀਰ, ਭਾਈ ਜਗਸੀਰ ਸਿੰਘ ਮਾਂਗੇਆਣਾ, ਬੀਬੀ ਜੋਗਿੰਦਰ ਕੌਰ, ਭਾਈ ਗੁਰਪ੍ਰੀਤ ਸਿੰਘ ਝੱਬਰ, ਭਾਈ ਸੁਰਜੀਤ ਸਿੰਘ ਰਾਏਪੁਰ, ਭਾਈ ਮਿੱਠੂ ਸਿੰਘ ਕਾਹਨੇਕੇ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਬੱਪੀਆਣਾ ਮੈਂਬਰ ਧਰਮ ਪ੍ਰਚਾਰ ਕਮੇਟੀ, ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ, ਪਰਮਜੀਤ ਸਿੰਘ ਸਰੋਆ ਸਕੱਤਰ ਸਬ ਆਫਿਸ, ਭਾਈ ਚਰਨਜੀਤ ਸਿੰਘ ਕਾਰ ਸੇਵਾ, ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਬਾਬਾ ਝੀਤਾ ਸਿੰਘ, ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ, ਇੰਚਾਰਜ ਧਰਮ ਪ੍ਰਚਾਰ ਭਾਈ ਭੋਲਾ ਸਿੰਘ, ਭਾਈ ਜਗਤਾਰ ਸਿੰਘ ਕੀਰਤਪੁਰੀ ਆਦਿ ਹਾਜਿਰ ਸਨ।

Posted By: GURJANT SINGH