ਪੰਜਾਬੀ ਕਵਿੱਤਰੀ ਡਾਃ ਕੁਲਦੀਪ ਕਲਪਨਾ ਸੁਰਗਵਾਸ,ਡਾਃ ਸ ਪ ਸਿੰਘ, ਸੁਰਜੀਤ ਪਾਤਰ, ਪ੍ਰੋਃ ਭੱਠਲ,ਗੁਰਭਜਨ ਗਿੱਲ ਤੇ ਹੋਰ ਲੇਖਕਾਂ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ।

ਲੁਧਿਆਣਾ,ਪੰਜਾਬੀ ਕਵਿੱਤਰੀ ਡਾਃਕੁਲਦੀਪ ਕਲਪਨਾ ਅੱਜ ਸ਼ਾਹਬਾਦਮਾਰਕੰਡਾ(ਕੁਰੂਕਸ਼ੇਤਰਾ) ਵਿਖੇ ਸੁਰਗਵਾਸ ਹੋ ਗਏ ਹਨ।ਇਹ ਜਾਣਕਾਰੀ ਉਨ੍ਹਾਂ ਦੀ ਭਰਜਾਈ ਰਮਣੀਕ ਕੌਰ ਰੰਮੀ ਨੇ ਸ਼ਾਹਬਾਦ ਤੋਂ ਫੋਨ ਤੇ ਦਿੱਤੀ ਹੈ।ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਡਾਃ ਪਰਮਿੰਦਰ ਸਿੰਘ ਜੀ ਦੀ ਵੱਡੀ ਬੇਟੀ ਸਨ।1944 ਵਿੱਚ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਅਟਵਾਲਾਂ ਵਿਖੇ ਜਨਮੀ ਡਾਃ ਕੁਲਦੀਪ ਕਲਪਨਾ ਨੇ ਆਪਣਾ ਅਧਿਆਪਨ ਕਾਰਜ ਗੌਰਮਿੰਟ ਰਣਧੀਰ ਕਾਲਿਜ ਕਪੂਰਥਲਾ ਤੋਂ ਆਰੰਭਿਆ ਜਿੱਥੇ ਡਾਃ ਸੁਰਜੀਤ ਪਾਤਰ ਤੇ ਪ੍ਰਿੰਸੀਪਲ ਵੀਰ ਸਿੰਘ ਰੰਧਾਵਾ ਉਨ੍ਹਾਂ ਦੇ ਪਹਿਲੇ ਪੂਰ ਦੇ ਵਿਦਿਆਰਥੀ ਸਨ।ਸਰਕਾਰੀ ਕਾਲਿਜਾਂ ਚ ਪੜ੍ਹਾਉਂਦੇ ਪੜ੍ਹਾਉਂਦੇ ਉਹ ਗੌਰਮਿੰਟ ਮਹਿਲਾ ਕਾਲਿਜ ਅੰਮ੍ਰਿਤਸਰ ਤੋਂ ਪ੍ਰਿੰਸੀਪਲ ਵਜੋਂ 2002 ਵਿੱਚ ਸੇਵਾਮੁਕਤ ਹੋਏ।ਡਾਃ ਕੁਲਦੀਪ ਕਲਪਨਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 1984 ਵਿੱਚ ਵੀਰ ਸਿੰਘ, ਪੂਰਨ ਸਿੰਘ ਤੇ ਮੋਹਨ ਸਿੰਘ ਦਾ ਕਾਵਿ ਸਿੱਧਾਂਤਃ ਤੁਲਨਾਤਮਕ ਅਧਿਐਨ ਵਿਸ਼ੇ ਤੇ ਡਾਃਸਤਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਪੀ.ਐੱਚ.ਡੀ ਕੀਤੀ। ਉਨ੍ਹਾਂ ਦਾ ਇਹ ਖੋਜ ਕਾਰਜ “ਕਵੀ ਤੇ ਕਾਵਿ ਸਿੱਧਾਂਤ”ਨਾਮ ਹੇਠ 1989 ਵਿੱਚ ਰਵੀ ਸਾਹਿੱਤ ਪ੍ਰਕਾਸ਼ਨ ਵੱਲੋਂ ਛਪਿਆ।ਡਾਃ ਕੁਲਦੀਪ ਕਲਪਨਾ ਨੇ ਆਪਣਾ ਸਿਰਜਣਾਤਮਕ ਸਫ਼ਰ 1966 ਵਿੱਚ ਛਪੀ ਪਹਿਲੀ ਕਾਵਿ ਪੁਸਤਕ“ਬੇਤਾਲ ਰਾਗਣੀ” ਨਾਲ ਆਰੰਭਿਆ।ਇਸ ਉਪਰੰਤ ਉਨ੍ਹਾਂ ਦੇ ਤਿੰਨ ਹੋਰ ਕਾਵਿ ਸੰਗ੍ਰਹਿ ਬਸਤੀ ਤੇਸਹਿਰਾ(1977),”ਜਗਦੇ ਬੁਝਦੇ ਜਜ਼ੀਰੇ”(1981) ਤੇ ਬਲ਼ਦੇ ਦਿਆਰ(1993)ਛਪੇ। ਉਨ੍ਹਾ ਦੀ ਸਵੈਜੀਵਨੀ ਲਿਖੀਆਂ ਅਣਲਿਖੀਆਂ ਸਾਲ 2003 ਵਿੱਚ ਛਪੀ।ਡਾਃ ਕੁਲਦੀਪ ਕਲਪਨਾ ਪਿਛਲੇ ਚਾਰ ਪੰਜ ਸਾਲ ਤੋਂ ਬੀਮਾਰ ਸਨ ਤੇ ਆਪਣੀ ਨਿੱਕੀ ਭੈਣ ਡਾਃ ਅਰਸ਼ਦੀਪ ਕੌਰ ਸੁਪਤਨੀ ਡਾਃ ਗੁਰਦੀਪ ਸਿੰਘ ਹੇਅਰ ਕੋਲ ਹੀ ਸ਼ਾਹਬਾਦ ਮਾਰਕੰਡਾ ਵਿਖੇ ਰਹਿ ਰਹੇ ਸਨ।ਅੱਜ ਸ਼ਾਮ 3.24 ਵਜੇ ਉਨ੍ਹਾਂ ਆਖ਼ਰੀ ਸਵਾਸ ਲਏ। ਡਾਃਕੁਲਦੀਪ ਕਲਪਨਾ ਦਾ ਇਥੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।ਆਪਣਾ ਪਿੱਛੇ ਉਹ ਨਿੱਕੀ ਭੈਣ ਤੋਂ ਇਲਾਵਾ ਦੋ ਭਰਾ ਤੇ ਉਨ੍ਹਾਂ ਦਾ ਪਰਿਵਾਰ ਛੱਡ ਗਏ ਹਨ। ਡਾਃ ਕੁਲਦੀਪ ਕਲਪਨਾ ਦੇ ਦੇਹਾਂਤ ਤੇ ਉਨ੍ਹਾਂ ਦੇ ਵਿਦਿਆਰਥੀ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ ਨੇ ਕਿਹਾ ਹੈ ਉਹ ਸ਼ਾਖਸ਼ਾਤ ਸੰਵੇਦਨਾ ਸੀ,ਲਰਜ਼ਦੇ ਨੀਰ ਵਰਗੀ। ਉਹ ਆਪਣੇ ਜਹੀ ਸਿਰਫ਼ ਆਪ ਸੀ। ਉਸ ਦੀ ਪ੍ਰੇਰਨਾ ਨੇ ਹੀ ਮੁੱਢਲੇ ਸਮੇਂ ਚ ਸਾਨੂੰ ਸਿਰਜਣਾ ਦੇ ਗੁਰ ਦੱਸੇ।ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕੁਲਦੀਪ ਕਲਪਨਾ ਭੈਣ ਚੁੱਪ ਦਾ ਸੁਰਵੰਤਾ ਭਰ ਵਗਦਾ ਦਰਿਆ ਸੀ, ਜਿਸ ਨੇ ਸਾਰੀ ਉਮਰ ਸਾਹਿੱਤ ਸਿਰਜਣਾ,ਸੰਗੀਤ ਅਤੇ ਸਹਿਜ ਨੂੰ ਇੱਕਲਵਾਂਝੇ ਬਹਿ ਕੇ ਮਾਣਿਆ ਤੇ ਜਾਣਿਆ।ਕਈ ਵਾਰ ਸਾਡੇ ਵੱਲੋਂ ਲੱਖ ਚਾਹੁਣ ਦੇ ਬਾਵਜੂਦ ਉਹ ਕਿਸੇ ਵੀ ਪੁਰਸਕਾਰ ਨੂੰ ਲੈਣ ਲਈ ਕਦੇ ਰਜ਼ਾਮੰਦ ਨਾ ਹੋਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸਪ ਸਿੰਘ,ਡੀਨ ਅਕਾਦਮਿਕ ਮਾਮਲੇ ਤੇ ਪ੍ਰਬੁੱਧ ਆਲੋਚਕ ਡਾਃ ਹਰਿਭਜਨ ਸਿੰਘ ਭਾਟੀਆ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ, ਪ੍ਰਤਾਪ ਵਿਦਿਅਕ ਅਦਾਰਿਆਂ ਦੀ ਡਾਇਰੈਕਟਰ ਪ੍ਰਿੰਸੀਪਲ ਡਾਃ ਰਮੇਸ਼ਇੰਦਰ ਕੌਰ ਬੱਲ ਨੇ ਵੀ ਡਾਃ ਕੁਲਦੀਪ ਕਲਪਨਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।