108 ਐਂਬੂਲੈਂਸ ਦਾ ਡਰਾਈਵਰ ਟੀਮ ਗੋਲਡੀ ਨੇ ਨਸ਼ੇ ਦੀ ਹਾਲਤ ’ਚ ਕਾਬੂ ਕੀਤਾ

ਧੂਰੀ, 8 ਜਨਵਰੀ (ਮਹੇਸ਼ ਜਿੰਦਲ)- ਲੰਘੀ ਰਾਤ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਟੀਮ ਵੱਲੋਂ ਸਥਾਨਕ 108 ਐਂਬੂਲੈਂਸ ’ਤੇ ਤਾਇਨਾਤ ਇੱਕ ਡਰਾਈਵਰ ਨੂੰ ਕਥਿਤ ਨਸ਼ੇ ਦੀ ਹਾਲਤ ’ਚ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੰਭੀਰ ਹਾਲਤ ’ਚ ਆਏ ਮਰੀਜ਼ ਨੂੰ ਲਿਜਾਉਣ ਲਈ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ 108 ਐਂਬੂਲੈਂਸ ਦੇ ਡਰਾਈਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਐਂਬੂਲੈਂਸ ਦਾ ਡਰਾਈਵਰ ਨਸ਼ੇ ਦੀ ਹਾਲਤ ਵਿਚ ਹੈ। ਜਿਸ ਤੋਂ ਬਾਅਦ ਉਨਾਂ ਵੱਲੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਸੰਪਰਕ ਕੀਤਾ ਗਿਆ ਤਾਂ ਵਿਧਾਇਕ ਵੱਲੋਂ ਟੀਮ ਗੋਲਡੀ ’ਚ ਸ਼ਾਮਲ ਨਰੇਸ਼ ਕੁਮਾਰ ਮੰਗੀ, ਹਰਸਿਮਰਨ ਸ਼ਰਮਾ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਸੁਖਦੀਪ ਸਿੰਘ ਬਾਜਵਾ ਨੂੰ ਮੌਕੇ ’ਤੇ ਭੇਜਿਆ ਗਿਆ। ਟੀਮ ਗੋਲਡੀ ਨੇ ਜਦੋਂ ਆ ਕੇ ਰਿਕਾਰਡ ਦੇਖਿਆ ਤਾਂ ਰਿਕਾਰਡ ਅਨੁਸਾਰ ਐਂਬੂਲੈਂਸ ਹਸਪਤਾਲ ’ਚ ਮੌਜੂਦ ਸੀ ਅਤੇ ਡਰਾਈਵਰ ਨਸ਼ੇ ਦੀ ਹਾਲਤ ’ਚ ਪੂਰਾ ਟੰੁਨ ਸੀ। ਬਾਅਦ ਵਿਚ ਮੌਕੇ ’ਤੇ ਪੁੱਜੀ ਪੁਲਸ ਵੱਲੋਂ ਡਰਾਈਵਰ ਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਡਰਾਈਵਰ ਵੱਲੋਂ ਖ਼ੂਨ ਅਤੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ, ਪ੍ਰੰਤੂ ਮੌਕੇ ’ਤੇ ਮੌਜੂਦ ਡਾ.ਅਮਰਪ੍ਰੀਤ ਸਿੰਘ ਵੱਲੋਂ ਡਰਾਈਵਰ ਦੀ ਹਾਲਤ ਸੰਬੰਧੀ ਮੈਡੀਕਲ ਰਿਪੋਰਟ ਪੁਲਸ ਨੂੰ ਸੌਂਪ ਦਿੱਤੀ ਗਈ। ਫ਼ੋਨ ’ਤੇ ਗੱਲਬਾਤ ਦੌਰਾਨ ਵਿਧਾਇਕ ਗੋਲਡੀ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਕਰਵਾਉਣ ’ਤੇ ਜੋ ਕੋਈ ਵੀ ਇਸ ਮਾਮਲੇ ’ਚ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਉਨਾਂ ਕਿਹਾ ਕਿ ਕਿਸੇ ਵੀ ਸਰਕਾਰੀ ਅਦਾਰੇ ਅੰਦਰ ਲੋਕਾਂ ਨੂੰ ਖ਼ੱਜਲ਼-ਖ਼ੁਆਰ ਨਹੀਂ ਹੋਣ ਦਿੱਤਾ ਜਾਵੇਗਾ। ਮੌਕੇ ’ਤੇ ਮੌਜੂਦ 108 ਐਂਬੂਲੈਂਸ ਦੇ ਫਾਰਮਾਸਿਸਟ ਅਮਰੀਸ਼ ਕੁਮਾਰ ਨੇ ਦੱਸਿਆ ਕਿ ਉਕਤ ਡਰਾਈਵਰ ਕੁਲਵੰਤ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਬਿਮਾਰ ਹੋਣ ਬਾਰੇ ਸੂਚਨਾ ਦੇ ਕੇ ਸ਼ਾਮ ਕਰੀਬ 7.30 ਵਜੇ ਛੁੱਟੀ ਲਈ ਸੀ, ਜਿਸ ਤੋਂ ਬਾਅਦ ਉਸ ਨੇ ਰਿਹਾਇਸ਼ੀ ਕੁਆਟਰ ’ਚ ਸ਼ਰਾਬ ਪੀ ਲਈ। ਸੰਪਰਕ ਕਰਨ ’ਤੇ ਐੱਸ.ਐਮ.ਓ ਗੁਰਸ਼ਰਨ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਡਰਾਈਵਰ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਵੇਗਾ, ਪ੍ਰੰਤੂ 108 ਐਂਬੂਲੈਂਸ ਉਨਾਂ ਦੇ ਅਧਿਕਾਰ ਖੇਤਰ ਅਧੀਨ ਨਹੀਂ ਆਉਦੀ। ਜਦੋਂ ਉਨਾਂ ਤੋਂ ਡਰਾਈਵਰ ਵੱਲੋਂ ਹਸਪਤਾਲ ਪਰਿਸਰ ਅੰਦਰ ਨਸ਼ਾ ਕਰਨ ਬਾਰੇ ਪੁੱਛਿਆ ਤਾਂ ਉਨਾਂ ਕਿਹਾ ਕਿ ਇਹ ਮਾਮਲਾ ਹਸਪਤਾਲ ਦੇ ਰਿਹਾਇਸ਼ੀ ਕੁਆਟਰ ਦਾ ਹੈ, ਪਰ ਜੇਕਰ ਤੁਸੀਂ ਕਹੋ ਤਾਂ 108 ਐਂਬੂਲੈਂਸ ਸੇਵਾਵਾਂ ਬੰਦ ਕਰਵਾ ਦਿੰਦੇ ਹਾਂ। ਪ੍ਰੰਤੂ ਪੱਤਰਕਾਰ ਵੱਲੋਂ ਇਸ ਦਾ ਇਤਰਾਜ਼ ਜ਼ਾਹਿਰ ਕਰਨ ’ਤੇ ਉਹ ਆਪਣੀ ਗੱਲ ਤੋਂ ਬਦਲ ਗਏ ਅਤੇ ਕਹਿਣ ਲੱਗੇ ਕਿ 108 ਐਂਬੂਲੈਂਸ ਹਸਪਤਾਲ ’ਚ ਖੜਨੋਂ ਹਟਵਾ ਦਿੰਦੇ ਹਾਂ। ਕੈਪਸ਼ਨ 108 ਐਂਬੂਲੈਂਸ ਦਾ ਰਿਕਾਰਡ ਦਿਖਾਉਦੇ ਹੋਏ ਟੀਮ ਗੋਲਡੀ ਦੇ ਆਗੂ