ਸਰਵਹਿੱਤਕਾਰੀ ਸਕੂਲ ਵਿਖੇ ਚਾਰ ਸਾਲਾ ਮਾਸੂਮ ਬੱਚੀ ਨਾਲ ਸਕੂਲ ਦੇ ਬੱਸ ਕੰਡਕਟਰ ਨੇ ਕੀਤਾ ਜਬਰ-ਜਨਾਹ

ਧੂਰੀ, 26 ਮਈ (ਮਹੇਸ਼ ਜਿੰਦਲ) ਧੂਰੀ ਵਿਖੇ ਸ਼ਹਿਰ ਦੇ ਬਿਲਕੁੱਲ ਵਿਚਕਾਰ ਸਥਿਤ ਇੱਕ ਨਾਮੀ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੀ ਕਿਡਜ਼ ਬ੍ਰਾਂਚ ਵਿੱਚ ਪੜ੍ਹਦੀ ਕਰੀਬ 4 ਸਾਲਾਂ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਦੇ ਇੱਕ ਕੰਡਕਟਰ ਵੱਲੋਂ ਸਕੂਲ ਵਿੱਚ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਿੱਚ ਅੱਗ ਵਾਂਗ ਫੈਲੀ ਇਸ ਖਬਰ ਤੋਂ ਬਾਅਦ ਗੁੱਸੇ ਵਿੱਚ ਆਏ ਹੋਏ ਲੋਕਾਂ ਨੇ ਅੱਜ ਸਵੇਰੇ ਸਿਵਲ ਹਸਪਤਾਲ ਧੂਰੀ ਵਿਖੇ ਪਹੁੰਚ ਕੇ ਦੋਸ਼ੀ ਵਿਅਕਤੀ ਨੂੰ ਕੜੀ ਸਜਾ ਦੇਣ ਦੀ ਮੰਗ ਕਰਦਿਆਂ ਸਕੂਲ ਮੈਨੇਜਮੈਂਟ, ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਸ ਉਪਰੰਤ ਸ਼ਹਿਰ ਨਿਵਾਸੀਆਂ ਨੇ ਮੁਕੰਮਲ ਬਾਜ਼ਾਰ ਬੰਦ ਕਰਵਾ ਕੇ ਥਾਣੇ ਅੱਗੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਰੋਹ ਵਿੱਚ ਆਏ ਲੋਕਾਂ ਨੇ ਸ਼ਿਸ਼ੂ ਵਾਟਿਕਾ ਸਕੂਲ ਨੂੰ ਜਿੰਦਰਾ ਲਗਾ ਦਿੱਤਾ ਅਤੇ ਸਕੂਲ ਅੱਗੇ ਪੁਲਿਸ ਦਾ ਪਹਿਰਾ ਲੱਗਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧੂਰੀ ਦੀ ਇੱਕ ਬੱਚੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੀ ਬ੍ਰਾਂਚ ਸ਼ਿਸ਼ੂ ਵਾਟਿਕਾ ਸਕੂਲ ਵਿਖੇ ਪੜ੍ਹਦੀ ਸੀ। ਬੀਤੀ ਕੱਲ 25 ਮਈ ਨੂੰ ਸਕੂਲ ਵਿੱਚ ਪੈਰੇਂਟਸ-ਟੀਚਰ ਮੀਟਿੰਗ ਰੱਖੀ ਗਈ ਸੀ ਅਤੇ ਬੱਚੀ ਸਕੂਲ ਵਿਖੇ ਖੇਡ ਰਹੀ ਸੀ। ਇਸੇ ਦੌਰਾਨ ਸਕੂਲ ਬੱਸ ਦੇ ਇੱਕ ਕੰਡਕਟਰ ਨੇ ਬੱਚੀ ਨੂੰ ਵਰਗਲਾ ਕੇ ਉਸ ਨਾਲ ਜਬਰ-ਜਿਨਾਹ ਦੀ ਕੋਸ਼ਿਸ਼ ਨੂੰ ਅੰਜਾਮ ਦਿੱਤਾ। ਇਸ ਮਾਮਲੇ ਦਾ ਪਤਾ ਲੱਗਣ `ਤੇ ਸਕੂਲ ਮੈਨੇਜਮੈਂਟ ਦੇ ਪ੍ਰਬੰਧਕ ਇਸ ਮਾਮਲੇ ਨੂੰ ਦਬਾਉਣ ਲਈ ਬੱਚੀ ਦੇ ਮਾਪਿਆਂ `ਤੇ ਦਬਾਅ ਪਾਉਂਦੇ ਰਹੇ। ਜਦੋਂ ਬੱਚੀ ਦੇ ਮਾਂ-ਬਾਪ ਵੱਲੋਂ ਬੱਚੀ ਦਾ ਮੈਡੀਕਲ ਚੈਕਅੱਪ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਲਿਜਾਇਆ ਗਿਆ ਤਾਂ ਇਸ ਘਟਨਾ ਦੀ ਖਬਰ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ ਅਤੇ ਹਸਪਤਾਲ ਵਿੱਚ ਇੱਕਠੇ ਹੋਏ ਲੋਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸਕੂਲ ਮੈਨੇਜਮੈਂਟ ਦੇ ਪ੍ਰਬੰਧਕਾਂ ਅਤੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਸਿਵਲ ਹਸਪਤਾਲ ਵਿਖੇ ਪਹੁੰਚੇ ਡੀ.ਐਸ.ਪੀ. ਸ਼੍ਰੀ ਮੋਹਿਤ ਅੱਗਰਵਾਲ, ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਅਤੇ ਐਸ.ਐਚ.ਓ. ਸਿਟੀ ਧੂਰੀ ਹੈਰੀ ਬੋਪਾਰਾਏ ਨੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਇਸ ਉਪਰੰਤ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਥਾਣੇ ਦਾ ਘਿਰਾਓ ਕਰਦੇ ਹੋਏ ਸਕੂਲ ਮੈਨੇਜਮੈਂਟ ਅਤੇ ਦੋਸ਼ੀ ਵਿਅਕਤੀ ਨੂੰ ਲੋਕਾਂ ਦੇ ਹਵਾਲੇ ਕਰਨ ਦੀ ਮੰਗ ਕਰਦਿਆਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਅੱਗਰਵਾਲ ਵੂਮੈਨ ਸਭਾ ਦੀਆਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ।ਇਸ ਮੌਕੇ ਡੀ.ਐਸ.ਪੀ. ਧੂਰੀ ਮੋਹਿਤ ਅੱਗਰਵਾਲ ਨੇ ਥਾਣਾ ਸਿਟੀ ਧੂਰੀ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਬੱਚੀ ਨਾਲ ਹੋਏ ਜਬਰ-ਜਿਨਾਹ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸ਼ੱਕ ਦੇ ਅਧਾਰ `ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਪੁੱਛ-ਗਿੱਛ ਜਾਰੀ ਹੈ। ੳੇੁਹਨਾਂ ਸ਼ਹਿਰ ਨਿਵਾਸੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਤੁਹਾਡੇ ਸਹਿਯੋਗ ਦੀ ਜਰੂਰਤ ਹੈ। ਇਸ ਦੇ ਬਾਵਜੂਦ ਵੀ ਲੋਕਾਂ ਨੇ ਡੀ.ਐਸ.ਪੀ. ਧੂਰੀ ਨਾਲ ਸਵਾਲ-ਜਵਾਬ ਕਰਦਿਆਂ ਇਸ ਮਾਮਲੇ ਵਿੱਚ ਸਕੂਲ ਮੈਨੇਜਮੈਂਟ ਦੇ ਪ੍ਰਬੰਧਕਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਆਪਣੇ ਸਿਆਸੀ ਅਸਰ-ਰਸੂਖ ਨਾਲ ਇਸ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਅੱਗਰਵਾਲ ਵੂਮੈਨ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਨੇ ਕਿਹਾ ਕਿ ਫੁੱਲਾਂ ਵਰਗੀਆਂ ਮਾਸੂਮ ਬੱਚੀਆਂ ਨਾਲ ਜਬਰ-ਜਿਨਾਹ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਖਬਰ ਲਿਖੇ ਜਾਣ ਤੱਕ ਇਸ ਮਾਮਲੇ ਨੂੰ ਲੈ ਕੇ ਲੋਕਾਂ ਦਾ ਰੋਸ ਠੰਡਾ ਨਹੀਂ ਸੀ ਹੋਇਆ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਥਾਣੇ ਅੱਗੇ ਧਰਨਾ ਜਾਰੀ ਸੀ। ਇਸ ਮੰਦਭਾਗੀ ਘਟਨਾ ਦਾ ਪਤਾ ਲੱਗਦਿਆਂ `ਆਪ` ਆਗੂ ਤੇ ਵਿਧਾਇਕ ਹਰਪਾਲ ਸਿੰਘ ਚੀਮਾਂ, ਸਾਬਕਾ ਵਿਧਾਇਕ ਸ. ਧਨਵੰਤ ਸਿੰਘ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਗ ਕਮੇਟੀ ਮੈਂਬਰ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ ਅਤੇ `ਆਪ` ਆਗੂ ਡਾ. ਅਨਵਰ ਭਸੌੜ, ਨੇ ਘਟਨਾ ਸਥਾਨ `ਤੇ ਪਹੁੰਚ ਕੇ ਲੋਕਾਂ ਨੂੰ ਇਨਸਾਫ ਦਿਲਾਉਣ ਦਾ ਵਿਸ਼ਵਾਸ ਦਿਲਾਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਵਿੱਦਿਆ ਦੇ ਮੰਦਰ ਵਿੱਚ ਬੱਚੀਆਂ ਨਾਲ ਜਬਰ-ਜਿਨਾਹ ਵਰਗੇ ਘਿਨੌਣੇ ਕਾਰਨਾਮੇ ਘੌਰ ਕਲਿਯੁੱਗ ਦਾ ਪ੍ਰਮਾਣ ਹਨ ਅਤੇ ਅਜਿਹੇ ਦੋਸ਼ੀ ਪੂਰੀ ਮਾਨਵਤਾ ਨੂੰ ਸ਼ਰਮਸਾਰ ਕਰਦੇ ਹਨ ਅਤੇ ਅਜਿਹੇ ਵਿਅਕਤੀਆਂ ਨਾਲ ਪੂਰੀ ਸਖਤੀ ਨਾਲ ਨਜਿੱਠਣ ਦੀ ਲੋੜ ਹੈ। ਇਸ ਮੌਕੇ ਸੰਦੀਪ ਤਾਇਲ ਜੌਲੀ ਪ੍ਰਧਾਨ ਨਗਰ ਕੌਂਸਲ, ਰਾਜਵੰਤ ਸਿੰਘ ਘੁੱਲੀ, ਸੰਜੇ ਕੁਮਾਰ, ਵਿਕਾਸ ਜੈਨ, ਰਮੇਸ਼ ਸ਼ਰਮਾਂ, ਰਾਜਿੰਦਰ ਲੱਧੜ, ਸੰਜੇ ਜੈਨ, ਅਮਰੀਕ ਕਾਲਾ ਕੌਂਸਲਰ, ਨਵਤੇਜ ਮਿੰਟੂ, ਹਰਸਿਮਰਤ ਬੱਗਾ, ਗੁਰਕੰਵਲ ਸਿੰਘ ਕੋਹਲੀ, ਰਾਜਿੰਦਰ ਬਾਂਸਲ ਆਦਿ ਨੇ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਫੁੱਲਾਂ ਵਰਗੀਆਂ ਮਾਸੂਮ ਬੱਚੀਆਂ ਨਾਲ ਅਜਿਹਾ ਘਿਨੌਣਾ ਕਾਰਨਾਮਾ ਕਰਨ ਵਾਲੇ ਵਿਅਕਤੀ ਨੂੰ ਘੱਟੋ-ਘੱਟ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਥਾਣਾ ਸਿਟੀ ਧੂਰੀ ਵਿਖੇ ਇਸ ਮਾਮਲੇ ਦੇ ਦੋਸ਼ੀ ਕਮਲ ਕੰਡਕਟਰ ਖਿਲਾਫ ਪੀੜਤ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ `ਤੇ ਨਾਲ ਜਬਰ ਜਿਨਾਹ ਦਾ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ `ਤੇ ਸਕੂਲ ਮੈਨੇਜਮੈਂਟ ਵੱਲੋਂ ਪਾਏ ਗਏ ਸੰਦੇਸ਼ ਅਨੁਸਾਰ ਦਿਨ ਸੋਮਵਾਰ 27 ਮਈ ਨੂੰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਧੂਰਾ ਅਤੇ ਉਸ ਦੀ ਕਿੱਡਜ਼ ਬਰਾਂਚ ਸ਼ਿਸ਼ੂ ਵਾਟਿਕਾ ਸਕੂਲ ਬੰਦ ਰਹਿਣਗੇ। ਖਬਰ ਲਿਖੇ ਜਾਣ ਤੱਕ ਲੋਕਾਂ ਵੱਲੋਂ ਸਕੂਲ ਮੈਨੇਜਮੈਂਟ ਖਿਲਾਫ ਮੁਕੱਦਮਾ ਨਾ ਦਰਜ ਕੀਤੇ ਜਾਣ ਕਾਰਨ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਸੀ।