ਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਤੋਂ ਇੱਥੇ ਸ਼ਾਦੀਸ਼ੁਦਾ ਇੱਕ ਦਲਿਤ ਲੜਕੀ ਦੇ ਪਿਛਲੇ ਦਿਨੀਂ ਚਿੱਟੇ ਨਾਲ ਮੌਤ ਦੇ ਮੂੰਹ ਜਾ ਪਏ ਨੌਜਵਾਨ ਪੁੱਤਰ ਦੀ ਬੇਵਕਤੀ ਮੌਤ ਨਾਲ ਜਿੱਥੇ ਇਲਾਕੇ ਦੇ ਸੁਹਿਰਦ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ ਉੱਥੇ ਪਿੰਡ ਨਥੇਹਾ ਦੇ ਜੰਮਪਲ ਸਾਬਕਾ ਡੀ ਆਈ ਜੀ ਸ. ਹਰਿੰਦਰ ਸਿੰਘ ਚਹਿਲ ਆਈ ਪੀ ਐੱਸ ਵਿਸ਼ੇਸ਼ ਤੌਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤਲਵੰਡੀ ਸਾਬੋ ਸਥਿਤ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਸ. ਚਹਿਲ ਨੇ ਦਸ ਹਜ਼ਾਰ ਰੁਪਏ ਦੇ ਕੇ ਪਰਿਵਾਰ ਦੀ ਆਰਥਿਕ ਮੱਦਦ ਵੀ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚਿੱਟੇ ਦੀ ਵੱਧ ਮਾਤਰਾ ਦੇ ਸੇਵਨ ਅਤੇ ਕਾਲਾ ਪੀਲੀਆ ਹੋਣ ਕਾਰਨ ਸੰਸਾਰ ਨੂੰ ਅਲਵਿਦਾ ਕਹਿ ਗਏ ਗੁਰਮੀਤ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਤਲਵੰਡੀ ਸਾਬੋ ਦਾ ਅੱਜ ਭੋਗ ਸੀ।ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਇਕਲੌਤੀ ਭੈਣ ਦਾ ਇਕੱਲਾ ਭਰਾ ਸੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਅਤੇ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਇਲਾਕੇ ਵਿੱਚ ਪਹਿਲਾਂ ਵੀ ਕਈ ਵਾਰੀ ਵਾਪਰ ਚੁੱਕੀਆਂ ਹਨ ਪਰ ਅਫ਼ਸੋਸ ਕਿ ਪ੍ਰਸ਼ਾਸ਼ਨ ਵੱਲੋਂ ਇਸ ਮਾਰੂ ਨਸ਼ੇ ਦੀ ਵਿਕਰੀ ਨੂੰ ਰੋਕਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੁਲਿਸ ਵਿੱਚ ਵੀ ਕੁੱਝ ਕਾਲੀਆਂ ਭੇਡਾਂ ਹਨ ਜਿਨ੍ਹਾਂ ਕਰਕੇ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਕੀਤੀ ਜਾ ਰਹੀ ਰੇਡ ਦੀ ਅਗਾਊਂ ਸੂਚਨਾ ਮਿਲ ਜਾਂਦੀ ਹੈ ਤੇ ਅਜਿਹਾ ਆਮ ਤੌਰ ਤੇ ਉੱਥੇ ਹੁੰਦਾ ਹੈ ਜਿੱਥੇ ਕੋਈ ਮੁਲਾਜ਼ਮ ਕਈ ਸਾਲ ਤੋਂ ਟਿਕਿਆ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਉਹ ਐੱਸ ਐੱਸ ਪੀ ਬਠਿੰਡਾ ਨਾਲ ਇਸ ਸੰਬੰਧੀ ਗੱਲ ਕਰਕੇ ਇੱਥੇ ਪੰਜ ਸਾਲ ਤੋਂ ਪੁਰਾਣੇ ਤਾਇਨਾਤ ਮੁਲਾਜ਼ਮਾਂ ਦੀ ਬਦਲੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਨਸ਼ਾ ਤਸਕਰਾਂ ਅਤੇ ਭ੍ਰਿਸ਼ਟ ਮੁਲਾਜ਼ਮਾਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ। ਇਸ ਸਮੇਂ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਗੁਰਪਿਆਰ ਸਿੰਘ ਨਥੇਹਾ, ਜਗਸੀਰ ਸਿੰਘ ਸਰਪੰਚ ਨਥੇਹਾ, ਧੰਨ ਸਿੰਘ, ਮੇਜਰ ਸਿੰਘ, ਪ੍ਰੇਮ ਸਿੰਘ, ਡਾ. ਸੁਖਜਿੰਦਰ ਸਿੰਘ ਆਦਿ ਮੌਜੂਦ ਸਨ।