ਲਾਕ ਡਾੳਨ ਦੀ ਆੜ ’ਚ ਮੋਦੀ ਹਿੰਦੁ ਏਜੰਡਾ ਲਾਗੂ ਕਰਨ ਦੀ ਤਾਕ ’ਚ - ਮਾਨ
- ਪੰਜਾਬ
- 01 Apr,2020
ਧੂਰੀ, 31 ਮਾਰਚ (ਮਹੇਸ਼ ਜਿੰਦਲ) ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੋਰੋਨਾ ਵਾਇਰਸ ਦੀ ਮਾਰ ਨੂੰ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਲਾਕ ਡਾੳੂਨ ਨੂੰ ਤਾਨਾਸ਼ਾਹੀ ਫਰਮਾਨ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ’ਚ ਲਾਕ ਡਾੳੂਨ ਕਰਨ ਤੋਂ ਪਹਿਲਾਂ ਦੇਸ਼ ਦੀ ਜਨਤਾ ਤੋਂ ਰਾਇ ਲਈ ਜਾਣੀ ਚਾਹੀਦੀ ਸੀ। ਉਨਾਂ ਵੱਲੋਂ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਪੱਤਰਕਾਰਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕੀਤਾ ਗਿਆ। ਉਨਾਂ ਕਿਹਾ ਕਿ ਅਸਲ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਲਾਕ ਡਾੳੂਨ ਦੀ ਆੜ ਹੇਠ ਜਿੱਥੇ ਹਿੰਦੁ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਅਜਿਹੇ ਹਾਲਾਤਾਂ ਦਾ ਸਿਆਸੀ ਲਾਹਾ ਲੈਣ ਲਈ ਮੋਦੀ ਸਰਕਾਰ ਦੇਸ਼ ਵਿਚ ਐਮਰਜੇਂਸੀ ਵੀ ਲਾਗੂ ਕਰ ਸਕਦੀ ਹੈ, ਕਿਉਕਿ ਕੇਂਦਰ ਸਰਕਾਰ ਵੱਲੋਂ ਅਜਿਹੇ ਮੰਤਵਾਂ ਨੂੰ ਮੀਡੀਆ ਤੋਂ ਵੀ ਲੁਕੋ ਕੇ ਰੱਖਿਆ ਜਾ ਰਿਹਾ ਹੈ। ਉਨਾਂ ਅਫਗਾਨਿਸਤਾਨ ਅੰਦਰ ਗੁਰਦੁਆਰੇ ’ਤੇ ਹੋਏ ਅੱਤਵਾਦੀ ਹਮਲੇ ਦੀ ਕਰੜੇ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਜਿੱਥੇ ਹਮਲੇ ’ਚ ਸ਼ਹੀਦ ਹੋਏ 25 ਸਿੱਖਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਉਥੇ ਉਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਫਗਾਨਿਸਤਾਨ ਵਿਚ ਸਿੱਖਾਂ ਦੇ ਹਿੱਤਾਂ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਕੈਪਸ਼ਨ - ਸਿਮਰਨਜੀਤ ਸਿੰਘ ਮਾਨ ਦੀ ਫਾਈਲ ਤਸਵੀਰ