ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਕਤਲ, ਪਤੀ ਗੁਰਿੰਦਰ ਗਿੱਲ ਗ੍ਰਿਫ਼ਤਾਰ
- ਅੰਤਰਰਾਸ਼ਟਰੀ
- (Asia/Kolkata)
ਅਮਰੀਕਾ ਦੇ ਕੈਲੀਫੋਰਨੀਆ ਵਿੱਚ 30 ਸਤੰਬਰ ਤੋਂ ਲਾਪਤਾ ਪੰਜਾਬੀ ਮੂਲ ਦੀ ਜੈਸਮੀਨ ਔਜਲਾ ਗਿੱਲ ਦਾ ਕਤਲ ਕਰ ਦਿੱਤਾ ਗਿਆ। ਸੈਕਰਾਮੈਂਟੋ ਕਾਊਂਟੀ ਸ਼ੈਰਿਫ ਦਫ਼ਤਰ ਦੀ ਜਾਂਚ ਤੋਂ ਬਾਅਦ ਉਸ ਦੇ ਪਤੀ ਗੁਰਿੰਦਰ ਗਿੱਲ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ, ਜੈਸਮੀਨ ਦੇ ਚਚੇਰੇ ਭਰਾ ਨੇ 4 ਅਕਤੂਬਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਖੇਤਰ ਵਿੱਚੋਂ ਇੱਕ ਔਰਤ ਦੀ ਸੜੀ ਹੋਈ ਦੇਹ ਬਰਾਮਦ ਹੋਈ ਸੀ। ਜਾਂਚ ਅਤੇ ਫੋਰੈਂਸਿਕ ਪੜਤਾਲ ਤੋਂ ਬਾਅਦ ਦੇਹ ਦੀ ਪਛਾਣ ਜੈਸਮੀਨ ਗਿੱਲ ਵਜੋਂ ਕੀਤੀ ਗਈ।
ਪਤੀ ਨੇ ICE ਵੱਲੋਂ ਹਿਰਾਸਤ ’ਚ ਲਏ ਜਾਣ ਦਾ ਕੀਤਾ ਸੀ ਦਾਅਵਾ
ਮੁੱਢਲੀ ਪੁੱਛਗਿੱਛ ਦੌਰਾਨ ਗੁਰਿੰਦਰ ਗਿੱਲ ਨੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦਾਅਵਾ ਕੀਤਾ ਕਿ ਜਦੋਂ ਜੈਸਮੀਨ ਘਰ ਦੇ ਬਾਹਰ ਡਾਕ ਚੈੱਕ ਕਰ ਰਹੀ ਸੀ, ਤਾਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਦੇ ਏਜੰਟ ਉਸ ਨੂੰ ਹਿਰਾਸਤ ਵਿੱਚ ਲੈ ਗਏ ਸਨ।
ਹਾਲਾਂਕਿ, ਜਦੋਂ ਜਾਂਚ ਅਧਿਕਾਰੀਆਂ ਨੇ ICE ਨਾਲ ਸੰਪਰਕ ਕੀਤਾ ਤਾਂ ਵਿਭਾਗ ਨੇ ਸਪੱਸ਼ਟ ਕੀਤਾ ਕਿ ਉਕਤ ਪਤੇ ’ਤੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।
ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ
ਜਾਂਚ ਅੱਗੇ ਵਧਣ ਦੌਰਾਨ ਪੁਲੀਸ ਨੂੰ ਗੁਰਿੰਦਰ ਦੇ ਬਿਆਨਾਂ ਵਿੱਚ ਕਈ ਵਿਰੋਧਾਭਾਸ ਮਿਲੇ। ਜਾਂਚਕਰਤਾਵਾਂ ਨੂੰ ਇਹ ਵੀ ਪਤਾ ਲੱਗਾ ਕਿ ਜੋੜੇ ਵਿਚਕਾਰ ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ।
ਸਬੂਤਾਂ ਦੇ ਆਧਾਰ ’ਤੇ ਹੋਮੀਸਾਈਡ ਡਿਟੈਕਟਿਵਜ਼ ਨੇ ਗੁਰਿੰਦਰ ਗਿੱਲ ਵਿਰੁੱਧ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ। ਉਸ ਨੂੰ 14 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਨੇ ਗੁਰਿੰਦਰ ਨਾਲ ਸਬੰਧਤ ਦੋ ਰਿਹਾਇਸ਼ਾਂ ’ਤੇ ਤਲਾਸ਼ੀ ਵਾਰੰਟ ਵੀ ਤਾਮੀਲ ਕੀਤੇ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
```