ਪਟਿਆਲਾ, 18 ਸਤੰਬਰ(ਪੀ.ਐਸ.ਗਰੇਵਾਲ) ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਉਲੀਕੇ ਸਮਾਗਮਾਂ ਦੀ ਲੜੀ ਵਿਚ ਮਹੀਨਾਵਾਰ ਸੈਮੀਨਾਰ ‘ਨਾਨਕ ਨਾਮ ਚੜਦੀਕਲਾ: ਗੁਰੂ ਨਾਨਕ ਬਾਣੀ ਅਤੇ ਚੜਦੀਕਲਾ ਦਾ ਸੰਕਲਪ’ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਕਿਹਾ ਕਿ ਇਕੀਵੀਂ ਸਦੀ ਵਿਚ ਬਹੁਤ ਸਾਰੀਆਂ ਤਬਦੀਲੀਆਂ ਵਾਪਰ ਰਹੀਆਂ ਹਨ। ਇਹ ਸਦੀ ਪਿਛਲੀਆਂ ਕਈ ਸਦੀਆਂ ਤੋਂ ਇਸ ਕਰਕੇ ਵੱਖਰੀ ਹੈ ਕਿ ਹੁਣ ਅਸੀਂ ਤਕਨੀਕੀ ਗਿਆਨ ਤੋਂ ਵੀ ਅਗਾਂਹ ਮਸ਼ੀਨੀ ਦਿਮਾਗ ਵਲ ਜਾ ਰਹੇ ਹਾਂ। ਪਹਿਲਾਂ ਦੀਆਂ ਸਦੀਆਂ ਆਪਣੇ ਭੂਤਕਾਲ ‘ਤੇ ਨਿਰਭਰ ਕਰਦੀਆਂ ਸਨ ਅਤੇ ਆਉਣ ਵਾਲੇ ਸਮੇਂ ਲਈ ਆਧਾਰਸ਼ਿਲਾ ਬਣਾਉਦੀਆਂ ਸਨ ਪਰ ਇਕੀਵੀਂ ਸਦੀ ਭਵਿਖ ਉਤੇ ਕੇਂਦਰਿਤ ਹੈ। ਇਹ ਸਦੀ ਪਿਛਲੀਆਂ ਸਦੀਆਂ ਨੂੰ ਆਪਣੀ ਆਧਾਰਸ਼ਿਲਾ ਬਣਾਉਣ ਦੀ ਬਜਾਏ ਇਸ ਨਵੇਂ ਆਉਣ ਵਾਲੇ ਸਮੇਂ ‘ਤੇ ਕੇਂਦਰਿਤ ਹੈ। ਉਨਾਂ ਕਿਹਾ ਕਿ ਇਸ ਸਦੀ ਵਿਚ ਉਹ ਲੋਕ ਟਿਕ ਸਕਣਗੇ ਜਿਨਾਂ ਦੀ ਸੋਚ ਤੇ ਦਿਸ਼ਾ ਭਵਿਖਮੁਖੀ ਹੋਵੇਗੀ। ਗੁਰੂ ਨਾਨਕ ਦੇਵ ਜੀ ਨੇ ਨਾਮ ਦੀ ਚੜਦੀਕਲਾ ਦਾ ਸਿਧਾਂਤ ਦਿਤਾ ਜਿਸਦੀਆਂ ਭਵਿਖਮੁਖੀ ਸੰਭਾਵਨਾਵਾਂ ਹਨ। ਵਿਦਵਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਸੰਗ ਨੂੰ ਅਜੋਕੇ ਗਿਆਨ ਦੇ ਸੰਦਰਭ ਵਿਚ ਪੇਸ਼ ਕਰਨ। ਵਿਦਿਆਰਥੀਆਂ ਲਈ ਉਪ ਕੁਲਪਤੀ ਨੇ ਕਿਹਾ ਕਿ ਨੌਕਰੀ ਲੈਣ ਲਈ ਵਧੇਰੇ ਠੋਸ ਜਾਣਕਾਰੀ ਅਤੇ ਨੌਕਰੀ ਕਰ ਰਹੇ ਵਿਅਕਤੀਆਂ ਤੋਂ ਵਧੇਰੇ ਪ੍ਰਬੁੱਧ ਅਤੇ ਮਾਹਿਰ ਬਣਨ ਦੀ ਲੋੜ ਹੈ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕੇਵਲ ਇਸ ਸੈਮੀਨਾਰ ਦਾ ਵਿਸ਼ਾ ਨਹੀਂ ਬਲਕਿ 550 ਵੇਂ ਸਾਲ ਵਿਚ ਮਨਾਇਆ ਜਾਣ ਵਾਲੇ ਸਮਾਗਮਾਂ ਦਾ ਮੁਖ ਵਿਸ਼ਾ ਹੈ। ਧਰਮ ਅਧਿਐਨ ਵਿਭਾਗ ਇਸ ਸੈਮੀਨਾਰ ਲਈ ਵਧਾਈ ਦਾ ਹੱਕਦਾਰ ਹੈ। ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੌਫੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਚੜਦੀ ਕਲਾ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਪ੍ਰਚਲਿਤ ਇਕ ਮੌਲਿਕ ਸੰਕਲਪ ਹੈ। ਜਿਸ ਦੇ ਵਿਭਿੰਨ ਸਿਧਾਂਤਕ ਪਹਿਲੂਆਂ ‘ਤੇ ਖੋਜ ਕਰਨ ਦੀ ਜ਼ਰੂਰਤ ਹੈ। ਚੜਦੀ ਕਲਾ ਨਿਰਾਸ਼ ਮਨਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਨਵੀਂ ਊਰਜਾ ਭਰਨ ਦਾ ਸਿਧਾਂਤ ਹੈ। ਇਸ ਸੈਮੀਨਾਰ ਦਾ ਮੁਖ ਆਕਰਸ਼ਨ ਕੈਪਟਨ ਅਮਰਜੀਤ ਸਿੰਘ ਕਾਲੇਕਾ ਦਾ ਉਦਘਾਟਨੀ ਭਾਸ਼ਣ ਸੀ। ਉਹਨਾਂ ਨੇ ਆਪਣੇ ਜੀਵਨ ਦੇ ਅਨੁਭਵ ਵਿਚੋਂ ਮਿਸਾਲਾਂ ਦੇ ਕੇ ਗੁਰਬਾਣੀ ਦੇ ਹਵਾਲੇ ਨਾਲ ਚੜਦੀ ਕਲਾ ਦਾ ਸਿਧਾਂਤ ’ਤੇ ਚਾਨਣਾ ਪਾਇਆ। ਪਾਕਿਸਤਾਨ ਖਿਲਾਫ 1965 ਦੀ ਜੰਗ ਵਿਚ ਗੋਲੀ ਬਾਰੂਦ ਖਤਮ ਹੋਣ ਤੇ ਵੀ ਮੋਰਚੇ ਵਿਚ ਡਟੇ ਰਹੇ ਅਤੇ ਖੇਮਕਰਨ ਦੇ ਖੇਤਰ ਵਿਚ ਦੁਸ਼ਮਨ ਫੌਜਾਂ ਨੂੰ ਖਦੇੜਿਆ। ਫੌਜ ਤੋਂ ਰਿਟਾਇਰ ਹੋ ਕੇ ਕਾਲਜ ਵਿਚ ਪ੍ਰੌਫੈਸਰੀ ਕੀਤੀ, ਪੰਜਾਬ ਕਰ ਅਤੇ ਆਬਕਾਰੀ ਮਹਿਕਮੇ ਵਿਚ ਇਕ ਈਮਾਨਦਾਰ ਅਫਸਰ ਵਜੋਂ ਸੇਵਾ ਮੁਕਤ ਹੋਏ। ਦਿਲ ਦੇ ਆਪ੍ਰੇਸ਼ਨ ਅਤੇ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਵਿਚ ਵੀ ਇਹਨਾਂ ਨੇ ਗੁਰਬਾਣੀ ਦੇ ਆਸਰੇ ਚੜਦੀ ਕਲਾ ਵਿਚ ਰਹਿ ਕੇ ਬੀਮਾਰੀਆਂ ਦਾ ਟਾਕਰਾ ਕੀਤਾ। ਵਿਭਾਗ ਦੇ ਮੁਖੀ ਪ੍ਰੋਫਸਰ ਮੁਹੰਮਦ ਹਬੀਬ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਜਿਸ ਨੂੰ ਅਜਿਹੇ ਸੈਮੀਨਾਰ ਕਰਵਾਉਣ ਦਾ ਮੌਕਾ ਮਿਲਿਆ ਹੈ। ਦੂਸਰੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਸਰਬਜਿੰਦਰ ਸਿੰਘ ਨੇ ਕੀਤੀ ਅਤੇ ਪਿ੍ਰੰਸੀਪਲ ਸੂਬਾ ਸਿੰਘ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸੈਮੀਨਾਰ ਵਿਚ ਕੁਲ 9 ਵਿਦਵਾਨਾਂ ਨੇ ਚੜਦੀ ਕਲਾ ਵਿਸ਼ੇ ‘ਤੇ ਖੋਜ ਪੱਤਰ ਪੇਸ਼ ਕੀਤੇ।