ਐਸ.ਸੀ ਕਮਿਸ਼ਨ ਨੇ 7 ਮਹੀਨਿਆਂ ‘ਚ 3000 ਫਾਈਲਾਂ ਦਾ ਕੀਤਾ ਨਿਪਟਾਰਾ, ਦੋਰਾਹੇ ਸਮਾਗਮ ‘ਚ ਹੋਰ 40 ਮਾਮਲੇ ਸੁਣੇ ਗਏ :-ਚੇਅਰਮੈਨ ਜਸਵੀਰ ਸਿੰਘ ਗੜ੍ਹੀ
- ਪੰਜਾਬ
- 27 Oct,2025
*ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਵਸ ਮੌਕੇ ਗੜ੍ਹੀ ਨੇ ਦਿੱਤੀ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ*
*ਡਾ. ਅੰਬੇਡਕਰ ਦਾ ਸੰਵਿਧਾਨ – ਹਰੇਕ ਵਰਗ ਨੂੰ ਬਰਾਬਰ ਸੁਰੱਖਿਆ ਪ੍ਰਦਾਨ ਕਰਨ ਵਾਲਾ ਦਸਤਾਵੇਜ਼: ਗੜ੍ਹੀ*
ਦੋਰਾਹਾ, 27 ਅਕਤੂਬਰ (ਅਮਰੀਸ਼ ਆਨੰਦ):ਰਾਮਗੜੀਆ ਭਵਨ ਦੋਰਾਹਾ ਵਿਖੇ ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ.ਜਸਵੀਰ ਸਿੰਘ ਗੜ੍ਹੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਵਸ ‘ਤੇ ਗੁਰੂ ਸਾਹਿਬ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਸਮੂਹ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਗੜ੍ਹੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਬਣਾਇਆ ਗਿਆ ਸੰਵਿਧਾਨ ਹਰ ਵਰਗ ਨੂੰ ਬਰਾਬਰੀ, ਸੁਰੱਖਿਆ ਅਤੇ ਆਦਰ ਦੇ ਅਧਿਕਾਰ ਪ੍ਰਦਾਨ ਕਰਦਾ ਹੈ, ਖਾਸ ਕਰਕੇ ਹਾਸ਼ੀਏ ‘ਤੇ ਧੱਕੇ ਗਏ ਵਰਗਾਂ ਨੂੰ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ‘ਅਨੇਕਤਾ ਵਿੱਚ ਏਕਤਾ’ ਦਾ ਸੁਨੇਹਾ ਅੱਜ ਵੀ ਦੇਸ਼ ਦੀ ਮੂਲ ਆਤਮਾ ਹੈ।ਕਮਿਸ਼ਨ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਚਾਰਜ ਸੰਭਾਲਿਆ, ਉਸ ਸਮੇਂ 5700 ਫਾਈਲਾਂ ਪੈਂਡਿੰਗ ਸਨ, ਜਿਨ੍ਹਾਂ ਵਿਚੋਂ ਪਿਛਲੇ 7 ਮਹੀਨਿਆਂ ਦੌਰਾਨ 3000 ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਦੋਰਾਹੇ ਸਮਾਗਮ ਦੌਰਾਨ 35 ਤੋਂ 40 ਹੋਰ ਸ਼ਿਕਾਇਤਾਂ, ਜਿਹੜੀਆਂ ਨੌਕਰੀ, ਵਿਦਿਆਰਥੀਆਂ ਅਤੇ ਗਰੀਬ ਪਰਿਵਾਰਾਂ ਦੇ ਮੁੱਦਿਆਂ ਨਾਲ ਸੰਬੰਧਿਤ ਸਨ, ਨੂੰ ਮੌਕੇ ‘ਤੇ ਸੁਣਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੰਵਿਧਾਨਕ ਹੱਕਾਂ ਦੀ ਰੱਖਿਆ ਅਤੇ ਪੀੜਤ ਵਰਗਾਂ ਨੂੰ ਨਿਆਂ ਦੇਣ ਲਈ ਵਚਨਬੱਧ ਹੈ।ਚੇਅਰਮੈਨ ਗੜ੍ਹੀ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 14, 15, 16 ਅਤੇ 17 ਜਾਤੀ, ਧਰਮ, ਲਿੰਗ, ਨਸਲ ਅਤੇ ਜਨਮਸਥਾਨ ਦੇ ਆਧਾਰ ‘ਤੇ ਭੇਦਭਾਵ ਨੂੰ ਪੂਰੀ ਤਰ੍ਹਾਂ ਰੋਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਡਾ. ਅੰਬੇਡਕਰ ਦਾ ਸਾਹਿਤ ਪੜ੍ਹਨ ਅਤੇ ਇਕ ਨਿਆਂਪ੍ਰਧ ਅਤੇ ਪ੍ਰਗਤੀਸ਼ੀਲ ਸਮਾਜ ਦੀ ਰਚਨਾ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।ਸਮਾਗਮ ਦੌਰਾਨ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਅਤੇ ਫਰਜ਼ਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਡਾ. ਜਸਪ੍ਰੀਤ ਸਿੰਘ ਬੀਜਾ (ਜ਼ਿਲ੍ਹਾ ਪ੍ਰਧਾਨ, ਐਸ.ਸੀ ਵਿੰਗ, ਆਮ ਆਦਮੀ ਪਾਰਟੀ – ਲੁਧਿਆਣਾ ਦਿਹਾਤੀ), ਹਰਪ੍ਰੀਤ ਸਿੰਘ ਸਰਾਭਾ (ਪ੍ਰਧਾਨ, ਐਸ.ਸੀ/ਬੀ.ਸੀ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ, ਪੰਜਾਬ), ਡਾ. ਗੁਰਪ੍ਰੀਤ ਸਿੰਘ (ਸੀਨੀਅਰ ਮੈਡੀਕਲ ਅਫਸਰ, ਖਮਾਣੋਂ), ਬਲਵਿੰਦਰ ਸਿੰਘ, ਜਸਪਾਲ ਸਿੰਘ, ਕੁਲਬੀਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ ਮਾਨ ਅਤੇ ਗੁਰਜੰਤ ਸਿੰਘ (ਪਟਿਆਲਾ) ਸਮੇਤ ਇਲਾਕੇ ਦੇ ਵੱਡੀ ਗਿਣਤੀ ਵਾਲੇ ਲੋਕ ਹਾਜ਼ਰ ਸਨ।
Posted By:
Amrish Kumar Anand