CBI Raid Live: ਸੰਗਰੂਰ ਪੁਲਿਸ ਨੇ ਚਮਨਦੀਪ ਸਿੰਘ ਮਿਲਖੀ ਨੂੰ ਹਿਰਾਸਤ ’ਚ ਲਿਆ, CBI ਦੀਆਂ ਕਈ ਥਾਵਾਂ ’ਤੇ ਛਾਪੇ ਜਾਰੀ

CBI Raid Live: ਸੰਗਰੂਰ ਪੁਲਿਸ ਨੇ ਚਮਨਦੀਪ ਸਿੰਘ ਮਿਲਖੀ ਨੂੰ ਹਿਰਾਸਤ ’ਚ ਲਿਆ, CBI ਦੀਆਂ ਕਈ ਥਾਵਾਂ ’ਤੇ ਛਾਪੇ ਜਾਰੀ

ਪੰਜਾਬ ਵਿੱਚ CBI ਦੀ ਛਾਪੇਮਾਰੀ ਦਰਮਿਆਨ ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ, ਸੰਗਰੂਰ ਪੁਲਿਸ ਨੇ ਚਮਨਦੀਪ ਸਿੰਘ ਮਿਲਖੀ ਨੂੰ ਅੱਜ ਤੜਕਸਾਰ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਕਾਰਨਾਂ ਸਬੰਧੀ ਅਧਿਕਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਬੰਧਤ ਦਫਤਰਾਂ ਅਤੇ ਟਿਕਾਣਿਆਂ ’ਤੇ CBI ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਘਰਾਚੋਂ ਵਿੱਚ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਦੇ ਟਿਕਾਣੇ ’ਤੇ ਵੀ ਕਾਰਵਾਈ ਜਾਰੀ ਦੱਸੀ ਗਈ ਹੈ। ਇਹ ਛਾਪੇਮਾਰੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੇਸ ਦਰਜ ਕੀਤੇ ਜਾਣ ਉਪਰੰਤ ਕੀਤੀ ਗਈ ਹੈ।

CBI ਦੀ ਗੱਡੀ ’ਤੇ ਫੁੱਲਾਂ ਦੀ ਵਰਖਾ ਤੋਂ ਬਾਅਦ ਹਿਰਾਸਤ ਦੀ ਖ਼ਬਰ

ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਪਿੰਡ ਘਰਾਚੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਦੇ ਘਰ ਦੇ ਬਾਹਰ ਚਮਨਦੀਪ ਸਿੰਘ ਮਿਲਖੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ CBI ਦੀ ਗੱਡੀ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਢੋਲ-ਢਮੱਕਿਆਂ ਨਾਲ ਸਵਾਗਤ ਕੀਤਾ ਗਿਆ।

ਇਸ ਘਟਨਾ ਤੋਂ ਬਾਅਦ ਅੱਜ ਸਵੇਰੇ ਸੰਗਰੂਰ ਪੁਲਿਸ ਵੱਲੋਂ ਚਮਨਦੀਪ ਸਿੰਘ ਮਿਲਖੀ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਿਰਾਸਤ ਦਾ ਕਾਰਨ ਇਹ ਘਟਨਾ ਹੀ ਹੈ ਜਾਂ ਕੋਈ ਹੋਰ ਮਾਮਲਾ।

ਸੈਕਟਰ-2 ਦੇ ਮਕਾਨ ਨੰਬਰ 50 ਵਿੱਚ CBI ਦੀ ਛਾਪੇਮਾਰੀ

ਦਿੱਤੀ ਗਈ ਜਾਣਕਾਰੀ ਮੁਤਾਬਕ ਸੈਕਟਰ-2 ਦੇ ਮਕਾਨ ਨੰਬਰ 50 ਵਿੱਚ ਵੀ CBI ਦੀ ਛਾਪੇਮਾਰੀ ਚੱਲ ਰਹੀ ਹੈ। ਇਸ ਸਬੰਧੀ ਦਾਅਵਾ ਕੀਤਾ ਗਿਆ ਹੈ ਕਿ 1 ਅਕਤੂਬਰ 2026 ਨੂੰ ਕੀਤੇ ਫੇਸਬੁੱਕ ਲਾਈਵ ਦੌਰਾਨ ਇਸ ਮਕਾਨ ਅਤੇ ਇੱਥੇ ਹੋ ਰਹੇ ਕਥਿਤ “ਸ਼ੱਕੀ ਲੈਣ-ਦੇਣ ਅਤੇ ਭ੍ਰਿਸ਼ਟ ਗਤੀਵਿਧੀਆਂ” ਬਾਰੇ ਜਾਣਕਾਰੀ ਦਿੱਤੀ ਗਈ ਸੀ।

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਚੁੱਕੇ ਸਵਾਲ

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਆਪਣੀ ਪਾਰਟੀ ’ਤੇ ਸਵਾਲ ਚੁੱਕੇ ਜਾਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨਾਲ ਕਥਿਤ ਤੌਰ ’ਤੇ ਹੋ ਰਹੀ ਲੁੱਟ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਲੋਕਾਂ ਨੂੰ ਤੀਰਥ ਯਾਤਰਾਵਾਂ ’ਤੇ ਲਿਜਾਇਆ ਜਾ ਰਿਹਾ ਹੈ।

ਉਨ੍ਹਾਂ ਵੱਲੋਂ ਮਾਵਾਂ-ਭੈਣਾਂ ਨੂੰ ਮਿਲਣ ਵਾਲੇ 55,000 ਰੁਪਏ ਅਤੇ ਚੋਣਾਂ ਦੇ ਸਮੇਂ 2-3 ਹਜ਼ਾਰ ਰੁਪਏ ਦੇਣ ਸਬੰਧੀ ਵੀ ਦਾਅਵੇ ਕੀਤੇ ਗਏ ਹਨ। ਇਹ ਦਾਅਵੇ ਉਨ੍ਹਾਂ ਦੇ ਬਿਆਨ ਦੇ ਹਵਾਲੇ ਨਾਲ ਹਨ।

ਬਿਕਰਮ ਮਜੀਠੀਆ ਦੇ ਵੀ ਵੱਡੇ ਦਾਅਵੇ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ CBI ਦੀ ਕਾਰਵਾਈ ਨੂੰ ਲੈ ਕੇ ਕਈ ਦਾਅਵੇ ਕੀਤੇ ਗਏ ਹਨ। ਉਨ੍ਹਾਂ ਮੁਤਾਬਕ 5 ਕਰੋੜ ਰੁਪਏ ਦੀ ਕਥਿਤ ਟੂੰ-ਟੂੰ ਕਰਵਾਉਣ ਵਾਲੇ ਅਮਰਦੀਪ ਗਰੇਵਾਲ ਦੇ ਬਾੜੇਵਾਲ, ਲੁਧਿਆਣਾ ਸਥਿਤ ਘਰ ਵੀ CBI ਪਹੁੰਚੀ ਹੈ।

ਮਜੀਠੀਆ ਦੇ ਦਾਅਵੇ ਮੁਤਾਬਕ ਅਮਰਦੀਪ ਗਰੇਵਾਲ ’ਤੇ ਬਲਾਤਕਾਰ ਦੇ ਦੋਸ਼ੀ ਦੀ ਮਦਦ ਕਰਨ ਦੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਦੀ ਪੋਸਟ ਵਿੱਚ ਉਸਨੂੰ ਜੁਗਨੂੰ ਦਾ ਸਾਢੂ ਅਤੇ ਜੁਗਨੀ ਦਾ ਜੀਜਾ ਵੀ ਦੱਸਿਆ ਗਿਆ ਹੈ।

ਮਜੀਠੀਆ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਥਿਤ ਲੁੱਟ ਦਾ ਪੂਰਾ ਨੈੱਟਵਰਕ ਹੁਣ ਸਾਹਮਣੇ ਆ ਰਿਹਾ ਹੈ ਅਤੇ ਇੱਕ-ਇੱਕ ਕਰਕੇ ਲੋਕਾਂ ਦੀ ਪਛਾਣ ਹੋ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ “ਭਗਵੰਤ, ਇਹ ਵੀ ਇਮਾਨਦਾਰ ਹੈ?”

ਫਿਲਹਾਲ CBI ਦੀਆਂ ਛਾਪੇਮਾਰੀਆਂ ਅਤੇ ਸੰਗਰੂਰ ਪੁਲਿਸ ਵੱਲੋਂ ਚਮਨਦੀਪ ਸਿੰਘ ਮਿਲਖੀ ਨੂੰ ਹਿਰਾਸਤ ਵਿੱਚ ਲਏ ਜਾਣ ਸਬੰਧੀ ਹੋਰ ਅਧਿਕਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।