Chandigarh ’ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ, ਘਰੋਂ ਮਿਲਿਆ ਦੇਸੀ ਪਿਸਤੌਲ

Chandigarh ’ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ, ਘਰੋਂ ਮਿਲਿਆ ਦੇਸੀ ਪਿਸਤੌਲ

ਚੰਡੀਗੜ੍ਹ ਦੇ ਸੈਕਟਰ 22 ਵਿੱਚ ਇੱਕ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਵਾਪਰੀ। ਮ੍ਰਿਤਕ ਦੀ ਪਛਾਣ 42 ਸਾਲਾ ਹੈੱਡ ਕਾਂਸਟੇਬਲ ਨਿਤਿਨ ਵਜੋਂ ਹੋਈ ਹੈ, ਜੋ ਸੈਕਟਰ 9 ਸਥਿਤ ਪੁਲਿਸ ਹੈੱਡਕੁਆਰਟਰ ਦੀ ਅਕਾਊਂਟਸ ਬ੍ਰਾਂਚ ਵਿੱਚ ਤਾਇਨਾਤ ਸੀ।

ਘਰੋਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪੁਲਿਸ ਨੂੰ ਦਿੱਤੀ ਸੂਚਨਾ

ਗੁਆਂਢੀਆਂ ਦੇ ਅਨੁਸਾਰ, ਨਿਤਿਨ ਦੇ ਘਰੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਗੁਆਂਢੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੈਕਟਰ-17 ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ।

ਪੁਲਿਸ ਮੁਤਾਬਕ ਮੌਕੇ ’ਤੇ ਨਿਤਿਨ ਬਿਸਤਰੇ ’ਤੇ ਜ਼ਖਮੀ ਹਾਲਤ ਵਿੱਚ ਮਿਲਿਆ। ਉਸ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਘਟਨਾ ਸਥਾਨ ਤੋਂ ਦੇਸੀ ਪਿਸਤੌਲ ਬਰਾਮਦ

ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਨਿਤਿਨ ਦੇ 17 ਸਾਲਾ ਨਾਬਾਲਗ ਪੁੱਤਰ ਨੇ ਕਿਸੇ ਹੋਰ ਵਿਅਕਤੀ ’ਤੇ ਗੋਲੀ ਚਲਾਉਣ ਦਾ ਦੋਸ਼ ਲਗਾਇਆ। ਹਾਲਾਂਕਿ, ਪੁਲਿਸ ਮੁਤਾਬਕ ਨਾਬਾਲਗ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਸੀ, ਜਿਸ ਕਾਰਨ ਉਸ ਦੇ ਬਿਆਨ ’ਤੇ ਸ਼ੱਕ ਪੈਦਾ ਹੋਇਆ।

ਘਟਨਾ ਸਮੇਂ ਘਰ ਵਿੱਚ ਸਿਰਫ਼ ਨਿਤਿਨ ਦਾ ਪੁੱਤਰ ਅਤੇ ਉਸ ਦੀ ਮਾਂ ਮੌਜੂਦ ਸਨ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੁਲਿਸ ਅਧਿਕਾਰੀ ਨੂੰ ਗੋਲੀ ਕਿਸ ਨੇ ਮਾਰੀ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ।

ਐਸਐਸਪੀ ਕੰਵਰਦੀਪ ਕੌਰ ਨੇ ਦਿੱਤੀ ਜਾਣਕਾਰੀ

ਘਟਨਾ ਦੀ ਜਾਣਕਾਰੀ ਮਿਲਣ ’ਤੇ ਸੈਕਟਰ-17 ਪੁਲਿਸ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ। ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨਾਬਾਲਗ ਤੋਂ ਪੁੱਛਗਿੱਛ ਅਤੇ ਘਟਨਾ ਸਥਾਨ ਤੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।