ਮੂਲ ਚੰਦ ਸ਼ਰਮਾਂ ਸਾਹਿਤ ਸਭਾ ਧੂਰੀ ਦੇ ਲਗਾਤਾਰ ਚੌਥੀ ਵਾਰ ਬਣੇ ਪ੍ਰਧਾਨ

ਧੂਰੀ,4 ਦਸੰਬਰ (ਮਹੇਸ਼ ਜਿੰਦਲ) ਪੰਜਾਬੀ ਸਾਹਿਤ ਸਭਾ ਧੂਰੀ ਦੀ ਚੋਣ ਇਕਤੱਰਤਾ ਮੂਲ ਚੰਦ ਸ਼ਰਮਾਂ ਅਤੇ ਪਿ੍ਰੰਸੀਪਲ ਕਿਰਪਾਲ ਸਿੰਘ ਜਵੰਧਾ ਦੀ ਪ੍ਰਧਾਨਗੀ ਹੇਠ ਸਭਾ ਦੇ ਦਫਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ ਜਿਸ ਵਿੱਚ ਪਿਛਲੇ ਤਿੰਨ ਸਾਲ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ ਅਤੇ ਇੱਕਲੇ-ਇੱਕਲੇ ਮੈਂਬਰ ਵੱਲੋਂ ਵਿਚਾਰ ਪੇਸ਼ ਕਰਦਿਆਂ ਸਰਬਸੰਮਤੀ ਨਾਲ ਇਹ ਰਿਪੋਰਟ ਪਾਸ ਕੀਤੀ ਗਈ ਅਤੇ ਅਗਲੇ ਤਿੰਨ ਸਾਲ ਲਈ ਵੀ ਪੁਰਾਣੀ ਟੀਮ ਨੂੰ ਦੁਬਾਰਾ ਚੁਣ ਲਿਆ ਗਿਆ। ਜਨਰਲ ਸਕੱਤਰ ਗੁਰਦਿਆਲ ਨਿਰਮਾਣ ਦੀ ਸਹਿਮਤੀ ਨਾਲ ਸੁਖਵਿੰਦਰ ਸਿੰਘ ਲੋਟੇੇ ਨੂੰ ਕਾਰਜਕਾਰੀ ਜ. ਸਕੱਤਰ ਨਾਮਜਦ ਕੀਤਾ। ਉਪਰੰਤ ਹਰਦੀਪ ਸਿੰਘ ਭੂਦਨ ਦੇ ਪਿਤਾ ਬਲਵੰਤ ਸਿੰਘ ਭੂਦਨ,ਜਤਿੰਦਰ ਮਾਨਵ ਦੀ ਬੇਟੀ ਅਮਨਜੋਤ ਕੌਰ ਅਤੇ ਗੁਲਜ਼ਾਰ ਸ਼ੌਂਕੀ ਦੇ ਬੇਟੇ ਸਤਨਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇੱਕ ਵੱਖਰੇ ਮਤੇ ਰਾਹੀਂ ਸਭਾ ਦੇ ਮੈਂਬਰ ਗਾਇਕ ਮਨਿੰਦਰਪ੍ਰੀਤ ਧੂਰੀ ਨੂੰ ਉਸ ਦਾ ਪਲੇਠਾ ਗੀਤ ‘‘ਕੀ ਆਖਿਆ ਬਾਬੇ ਨਾਨਕ ਨੇ’’ ਲੋਕ ਅਰਪਣ ਹੋਣ ‘ਤੇ ਮੁਬਾਰਕਵਾਦ ਦਿੱਤੀ। ਅਖੀਰ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਵਾਹ-ਵਾਹ ਖੱਟੀ।