ਹਲਵਾਰਾ ਹਵਾਈ ਅੱਡੇ ਲਈ ਏਅਰ ਇੰਡੀਆ ਦਾ ਸਰਦੀਆਂ ਦਾ ਸ਼ਡਿਊਲ ਜਾਰੀ, ਸ਼ਨਿੱਚਰਵਾਰ ਸਵੇਰ ਦੀ ਉਡਾਣ ਬੰਦ
- ਰਾਸ਼ਟਰੀ
- (Asia/Kolkata)
ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਲਈ ਸਰਦ ਰੁੱਤ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜੋ 25 ਅਕਤੂਬਰ ਤੋਂ ਲਾਗੂ ਹੋ ਚੁੱਕਾ ਹੈ। ਇਸ ਸ਼ਡਿਊਲ ਵਿੱਚ ਸ਼ਨਿੱਚਰਵਾਰ ਸਵੇਰ ਦੀ ਉਡਾਣ (AI 481/482) ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਦਿੱਲੀ ਅਤੇ ਲੁਧਿਆਣਾ ਵਿਚਕਾਰ ਅਕਸਰ ਸਫ਼ਰ ਕਰਨ ਵਾਲੇ ਯਾਤਰੀ ਨਿਰਾਸ਼ ਹਨ।
ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਨੇ ‘ਟ੍ਰਿਬਿਊਨ ਸਮੂਹ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏਅਰ ਇੰਡੀਆ ਨੇ ਸ਼ਨਿੱਚਰਵਾਰ ਦੀ ਸਵੇਰ ਵਾਲੀ ਉਡਾਣ ਨੂੰ ਸਰਦੀਆਂ ਦੇ ਸ਼ਡਿਊਲ ਵਿੱਚੋਂ ਹਟਾ ਦਿੱਤਾ ਹੈ।
ਹਵਾਈ ਅੱਡੇ ਦੇ ਸੰਚਾਲਨ ਨੂੰ ਲੈ ਕੇ ਉਠਾਏ ਸਵਾਲ
ਚਾਰਟਰਡ ਅਕਾਊਂਟੈਂਟ ਅੰਕੁਰ ਮਹਾਜਨ ਨੇ ਕਿਹਾ ਕਿ ਲੁਧਿਆਣਾ ਵਾਸੀ ਲੰਮੇ ਸਮੇਂ ਤੋਂ ਹਵਾਈ ਸੰਪਰਕ ਦੀ ਲੋੜ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਹਵਾਈ ਅੱਡੇ ਦੀ ਬੇਸਬਰੀ ਨਾਲ ਉਡੀਕ ਸੀ।
ਉਨ੍ਹਾਂ ਕਿਹਾ ਕਿ ਅਕਸਰ ਹਵਾਈ ਸਫ਼ਰ ਕਰਨ ਵਾਲੇ ਯਾਤਰੀ ਵਜੋਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਧਿਕਾਰੀ ਹਵਾਈ ਅੱਡੇ ਅਤੇ ਇਸ ਦੇ ਸੰਚਾਲਨ ਵਿੱਚ ਘੱਟ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਨੇ ਸ਼ਨਿੱਚਰਵਾਰ ਦੀ ਇੱਕ ਉਡਾਣ ਨੂੰ ਸਰਦ ਰੁੱਤ ਦੇ ਸ਼ਡਿਊਲ ਵਿੱਚੋਂ ਹਟਾਉਣ ਨੂੰ ਗਲਤ ਦੱਸਿਆ।
ਅੰਕੁਰ ਮਹਾਜਨ ਨੇ ਸਰਕਾਰ ਅਤੇ ਅਧਿਕਾਰੀਆਂ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ, ਤਾਂ ਜੋ ਹਵਾਈ ਅੱਡੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਅਤੇ ਇਸ ਦਾ ਹਾਲ ਸਾਹਨੇਵਾਲ ਹਵਾਈ ਅੱਡੇ ਵਰਗਾ ਨਾ ਹੋਵੇ।
ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਵੀ ਕੀਤਾ ਸੀ ਦੌਰਾ
ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਕਈ ਸ਼ਿਕਾਇਤਾਂ ਉਠਾਏ ਜਾਣ ਤੋਂ ਬਾਅਦ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਹਲਵਾਰਾ ਹਵਾਈ ਅੱਡੇ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਏਅਰਪੋਰਟ ਅਥਾਰਟੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ।