ਸੰਗਰੂਰ ਦੇ ਗੁਰੂਘਰ ’ਚ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ, ਸੇਵਾਦਾਰ ਗੰਭੀਰ ਜ਼ਖਮੀ
- ਪੰਜਾਬ
- (Asia/Kolkata)
ਸੰਗਰੂਰ: ਸੰਗਰੂਰ ਦੇ ਪਿੰਡ ਬਡਰੁੱਖਾਂ ਸਥਿਤ ਗੁਰਦੁਆਰਾ ਸਾਹਿਬ ਵਿਖੇ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਇਹ ਘਟਨਾ ਰਾਤ ਲਗਭਗ 1:36 ਵਜੇ ਵਾਪਰੀ।
ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਸੇਵਾਦਾਰ ਜੈ ਸਿੰਘ ’ਤੇ ਹਮਲਾ ਕੀਤਾ। ਜਦੋਂ ਦੂਜਾ ਸੇਵਾਦਾਰ, ਜੋ ਲਾਂਗਰੀ ਸੀ, ਉਸਨੂੰ ਬਚਾਉਣ ਲਈ ਆਇਆ ਤਾਂ ਉਸਨੂੰ ਵੀ ਗੋਲੀ ਮਾਰ ਦਿੱਤੀ ਗਈ।
ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਜ਼ਖਮੀ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ।
ਪੁਲਿਸ ਨੇ CCTV ਫੁਟੇਜ ਖੰਗਾਲਣੀ ਕੀਤੀ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਬਡਰੁੱਖਾਂ ਦੇ ਇੰਚਾਰਜ, ਥਾਣਾ ਲੋਂਗੋਵਾਲ ਦੇ ਐਸ.ਐਚ.ਓ. ਅਤੇ ਡੀ.ਐਸ.ਪੀ. ਸੁਨਾਮ ਮੌਕੇ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।