ਪੰਜਾਬੀ ਰੰਗਮੰਚ ਤੇ ਸਿਨੇਮਾ ਜਗਤ ਨੂੰ ਵੱਡਾ ਸਦਮਾ, ਰੰਗਕਰਮੀ ਅਤੇ ਨਿਰਦੇਸ਼ਕ ਬਲਬੀਰ ਬੱਲੀ ਦਾ ਦੇਹਾਂਤ
- ਪੰਜਾਬ
- (Asia/Kolkata)
ਪੰਜਾਬੀ ਰੰਗਮੰਚ ਅਤੇ ਸਿਨੇਮਾ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉੱਘੇ ਰੰਗਕਰਮੀ ਅਤੇ ਨਿਰਦੇਸ਼ਕ ਬਲਬੀਰ ਬੱਲੀ ਦਾ ਅੱਜ ਦੇਰ ਸ਼ਾਮ ਦੇਹਾਂਤ ਹੋ ਗਿਆ। ਉਹ 55 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਬਲਬੀਰ ਬੱਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟੀਵੀ ਅਤੇ ਸਿਨੇਮਾ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਉਨ੍ਹਾਂ ਨੇ ਜਲੰਧਰ ਦੂਰਦਰਸ਼ਨ ਦੇ ਨਾਲ-ਨਾਲ ਦਿੱਲੀ ਦੂਰਦਰਸ਼ਨ ਲਈ ਵੀ ਕੰਮ ਕੀਤਾ।
ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ਵਿੱਚ ਵੀ ਨਿਭਾਈਆਂ ਭੂਮਿਕਾਵਾਂ
ਬਲਬੀਰ ਬੱਲੀ ਨੂੰ ਸਿਰਜਣਾ ਆਰਟ ਗਰੁੱਪ ਰਾਏਕੋਟ ਰਾਹੀਂ ਮਾਲਵਾ ਖੇਤਰ ਵਿੱਚ ਰੰਗਮੰਚ ਨੂੰ ਉਤਸ਼ਾਹਿਤ ਕਰਨ ਵਾਲੇ ਰੰਗਕਰਮੀ ਅਤੇ ਨਿਰਦੇਸ਼ਕ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਵਿਰਾਸਤ' ਅਤੇ 'ਸੰਦਲੀ ਪੈੜਾਂ' ਵਿੱਚ ਬਤੌਰ ਅਦਾਕਾਰ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਪੰਜਾਬੀ ਫਿਲਮ 'ਬਦਲਾ ਜੱਟੀ ਦਾ' ਵਿੱਚ ਚੀਫ ਅਸਿਸਟੈਂਟ ਡਾਇਰੈਕਟਰ ਵਜੋਂ ਵੀ ਅਹਿਮ ਭੂਮਿਕਾ ਨਿਭਾਈ। ਅਦਾਕਾਰ ਵਜੋਂ ਉਨ੍ਹਾਂ ਨੇ ਸਿਨੇਮਾ ਜਗਤ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਨਾਲ ਕੰਮ ਕੀਤਾ।
ਬਲਬੀਰ ਬੱਲੀ ਨੂੰ ਆਕਾਸ਼ਵਾਣੀ ਜਲੰਧਰ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਵੀ ਮਿਲਿਆ ਸੀ। ਪਰ ਉਨ੍ਹਾਂ ਨੇ ਬੰਦ ਕਮਰੇ ਵਿੱਚ ਕੰਮ ਕਰਨ ਦੀ ਬਜਾਏ ਰੰਗਮੰਚ ਰਾਹੀਂ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜਨ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਰਾਏਕੋਟ ਵਰਗੇ ਪੇਂਡੂ ਖੇਤਰ ਤੋਂ ਮਾਸਿਕ ਪਰਚਾ 'ਬਰੂਹਾਂ' ਅਤੇ ਲੰਮਾ ਸਮਾਂ ਹਫ਼ਤਾਵਾਰੀ ਅਖ਼ਬਾਰ 'ਬਰੂਹਾਂ' ਵੀ ਪ੍ਰਕਾਸ਼ਿਤ ਕੀਤਾ।
30 ਤੋਂ ਵੱਧ ਨਾਟਕਾਂ ਦੀਆਂ 500 ਤੋਂ ਵੱਧ ਪੇਸ਼ਕਾਰੀਆਂ
ਬਲਬੀਰ ਬੱਲੀ ਨੇ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਸਾਂਝਾ ਸੰਘਰਸ਼ ਉਲੀਕਿਆ ਅਤੇ ਰੈਪਰਟਰੀ ਲਾਗੂ ਕਰਵਾਈ। ਉਨ੍ਹਾਂ ਨੇ ਬਤੌਰ ਨਿਰਦੇਸ਼ਕ 30 ਤੋਂ ਵੱਧ ਨਾਟਕਾਂ ਦੀਆਂ 500 ਤੋਂ ਵੱਧ ਪੇਸ਼ਕਾਰੀਆਂ ਕੀਤੀਆਂ ਅਤੇ ਲੋਕ ਪੱਖੀ ਕਲਾ ਕਿਰਤਾਂ ਨੂੰ ਉਤਸ਼ਾਹਿਤ ਕੀਤਾ।
ਉਹ ਸਾਹਿਤ ਸਭਾ ਰਾਏਕੋਟ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਸਭਾ ਦੇ ਸੂਬਾਈ ਆਗੂ ਵੀ ਸਨ। ਖੱਬੇਪੱਖੀ ਵਿਚਾਰਧਾਰਾ ਨਾਲ ਜੁੜੇ ਬਲਬੀਰ ਬੱਲੀ ਨੂੰ ਲੋਕ ਪੱਖੀ ਸੰਘਰਸ਼ਾਂ ਵਿੱਚ ਮੋਹਰੀ ਕਤਾਰ ਦੇ ਆਗੂ ਵਜੋਂ ਜਾਣਿਆ ਜਾਂਦਾ ਸੀ।
ਬਲਬੀਰ ਬੱਲੀ ਦੇ ਸ਼ਾਗਿਰਦ ਅਤੇ ਉੱਘੇ ਕੋਰੀਓਗ੍ਰਾਫਰ ਲਖਵਿੰਦਰ ਮੀਤ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਬਲਬੀਰ ਬੱਲੀ ਦੇ ਪੁੱਤਰ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ।