ਪਾਕਿਸਤਾਨ ਦੇ ਪੰਜਾਬ ਸੂਬੇ ’ਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ
- ਅੰਤਰਰਾਸ਼ਟਰੀ
- (Asia/Kolkata)
ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜਨਪੁਰ ਜ਼ਿਲ੍ਹੇ ਦੀ ਰੋਝਾਨ ਤਹਿਸੀਲ ਵਿੱਚ ਸਿੰਧ ਹਾਈਵੇਅ ’ਤੇ ਇੱਕ ਬੱਸ ਸੜਕ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 44 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਬਚਾਅ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਸਵੇਰੇ 5:45 ਵਜੇ ਵਾਪਰਿਆ ਹਾਦਸਾ
ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 5:45 ਵਜੇ ‘ਬੰਗਲਾ ਹਿਦਾਇਤ’ ਇਲਾਕੇ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਤੇਜ਼ ਰਫ਼ਤਾਰ ਵਿੱਚ ਸੀ, ਜਦੋਂ ਇਹ ਸੜਕ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਪਾਕਿਸਤਾਨ ਦੇ ਅਖ਼ਬਾਰ ‘ਡਾਨ’ (Dawn) ਦੀ ਰਿਪੋਰਟ ਮੁਤਾਬਕ, ਰੈਸਕਿਊ 1122 ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਸੱਤ ਮਰਦ, ਦੋ ਔਰਤਾਂ ਅਤੇ ਇੱਕ ਲੜਕੀ ਸ਼ਾਮਲ ਸਨ।
ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਭੇਜਿਆ
38 ਤੋਂ ਵੱਧ ਜ਼ਖ਼ਮੀਆਂ ਦਾ ਇਲਾਜ ਰਾਜਨਪੁਰ ਜ਼ਿਲ੍ਹਾ ਹੈੱਡਕੁਆਰਟਰ (DHQ) ਹਸਪਤਾਲ ਵਿੱਚ ਚੱਲ ਰਿਹਾ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਚਾਰ ਵਿਅਕਤੀਆਂ ਨੂੰ ਡੇਰਾ ਗਾਜ਼ੀ ਖਾਨ ਅਤੇ ਦੋ ਹੋਰ ਗੰਭੀਰ ਜ਼ਖ਼ਮੀਆਂ ਨੂੰ ਰਹੀਮ ਯਾਰ ਖਾਨ ਦੇ ਸ਼ੇਖ ਜ਼ਾਇਦ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਸਥਾਨਕ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਕਾਰਵਾਈ ਕੀਤੀ ਗਈ। ਘਟਨਾ ਵਾਲੀ ਥਾਂ ’ਤੇ 10 ਐਂਬੂਲੈਂਸਾਂ ਅਤੇ ਦੋ ਬਚਾਅ ਵਾਹਨ ਭੇਜੇ ਗਏ। ਇਸ ਐਮਰਜੈਂਸੀ ਕਾਰਵਾਈ ਵਿੱਚ ਬਚਾਅ ਦਲ ਦੇ 35 ਕਰਮਚਾਰੀਆਂ ਨੇ ਹਿੱਸਾ ਲਿਆ।
ਅਗਸਤ ਵਿੱਚ ਵੀ ਬੱਸ ਪਲਟਣ ਕਾਰਨ ਹੋਇਆ ਸੀ ਹਾਦਸਾ
ਇਸ ਤੋਂ ਪਹਿਲਾਂ ਅਗਸਤ ਵਿੱਚ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਕੋਹਲੂ-ਡੇਰਾ ਗਾਜ਼ੀ ਖਾਨ ਹਾਈਵੇਅ ’ਤੇ ਵਿਆਹ ਸਮਾਗਮ ਵਿੱਚ ਜਾ ਰਹੀ ਇੱਕ ਬੱਸ ਪਲਟ ਗਈ ਸੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ 42 ਹੋਰ ਜ਼ਖ਼ਮੀ ਹੋਏ ਸਨ।
ਪੁਲਿਸ ਮੁਤਾਬਕ, ਬੱਸ ਰੱਖਨੀ ਤੋਂ ਕੋਹਲੂ ਵੱਲ ਜਾ ਰਹੀ ਸੀ। ‘ਡਾਨ’ ਦੀ ਰਿਪੋਰਟ ਅਨੁਸਾਰ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਬੱਸ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਹੋਣ ਕਾਰਨ ਇਹ ਪਲਟ ਗਈ, ਜਿਸ ਵਿੱਚ 40 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।
ਹਾਦਸੇ ਤੋਂ ਬਾਅਦ ਪੁਲਿਸ ਅਤੇ ਬਚਾਅ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਕੋਹਲੂ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਉੱਥੇ ਇੱਕ ਔਰਤ ਅਤੇ ਇੱਕ ਬੱਚੇ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ।
‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਵਿੱਚ ਇੱਕ ਹੋਰ ਹਾਦਸੇ ਦਾ ਵੀ ਜ਼ਿਕਰ ਹੈ। ਬਚਾਅ ਅਧਿਕਾਰੀਆਂ ਅਨੁਸਾਰ, ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦਕਿ 10 ਹੋਰ ਜ਼ਖ਼ਮੀ ਹੋਏ ਸਨ। ਸੂਤਰਾਂ ਮੁਤਾਬਕ, ਪੀੜਤ ਇੱਕੋ ਪਰਿਵਾਰ ਦੇ ਸਨ ਅਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ‘ਅਦੂ’ ਤੋਂ ‘ਗਨਾਜੀਰ’ ਜਾ ਰਹੇ ਸਨ, ਜਦੋਂ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਗਿਆ ਕਿ ਇਹ ਹਾਦਸਾ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ।