ਗੁਰੂ ਰਵਿਦਾਸ ਜੀ ਦੇ ਪ੍ਰਗਟ ਉਤਸਵ ਮੌਕੇ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ
- ਪੰਜਾਬ
- 07 Feb,2026
ਰਾਜਪੁਰਾ, 7 ਫਰਵਰੀ (ਰਾਜੇਸ਼ ਡਾਹਰਾ): ਸ੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਪ੍ਰਗਟ ਉਤਸਵ ਨੂੰ ਸਮਰਪਿਤ, ਸ੍ਰੀ ਗੁਰੂ ਰਵਿਦਾਸ ਯੂਥ ਵੈਲਫੇਅਰ ਕਲੱਬ ਵੱਲੋਂ ਰਾਜਪੁਰਾ ਬਾਈਪਾਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਮਲਟੀ-ਸਪੈਸ਼ਲਿਟੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਅਤੇ ਮਰੀਜ਼ਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ।
ਕਲੱਬ ਦੇ ਚੇਅਰਮੈਨ ਸੁਖਵਿੰਦਰ ਸੁੱਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਗਿਆਨ ਸਾਗਰ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਸੰਸਥਾ ਵੱਲੋਂ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਕੈਂਪ ਦੌਰਾਨ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਆਗੂਆਂ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਮਾਨਵਤਾ ਦੀ ਸੇਵਾ ਲਈ ਮੀਲ ਦਾ ਪੱਥਰ ਸਾਬਤ ਹੁੰਦੇ ਹਨ, ਕਿਉਂਕਿ ਇਨ੍ਹਾਂ ਰਾਹੀਂ ਸਿਹਤ ਸੇਵਾਵਾਂ ਸਿੱਧੀਆਂ ਲੋੜਵੰਦਾਂ ਤੱਕ ਪਹੁੰਚਦੀਆਂ ਹਨ।
ਇਸ ਮੌਕੇ ਹਾਜ਼ਰ ਸ਼ਖਸੀਅਤਾਂ: ਕੈਂਪ ਨੂੰ ਸਫ਼ਲ ਬਣਾਉਣ ਵਿੱਚ ਕਲੱਬ ਦੇ ਚੇਅਰਮੈਨ ਸੁਖਵਿੰਦਰ ਸੁੱਖੀ ਤੋਂ ਇਲਾਵਾ ਪ੍ਰਧਾਨ ਪਰਸ਼ੋਮ ਸਹੋਤਾ, ਸ਼ਿਵ ਕੁਮਾਰ, ਰਾਜ ਕੁਮਾਰ, ਜਸਵੀਰ ਸਿੰਘ, ਨਰੇਸ਼ ਕੁਮਾਰ, ਕੁਲਵਿੰਦਰ ਸਿੰਘ, ਭੂਸ਼ਣ ਕੁਮਾਰ, ਮਾਨ ਸਿੰਘ ਅਤੇ ਅਸ਼ਵਨੀ ਕੁਮਾਰ ਨੇ ਅਹਿਮ ਯੋਗਦਾਨ ਪਾਇਆ।
Posted By:
RAJESH DEHRA