ਅੱਜ ਲੁਧਿਆਣਾ ਵਿੱਚ ‘ਚਿੱਟੇ ਦੇ ਰਾਵਣ’ ਦਾ ਕਰਨਗੇ ਦਹਿਨ, ਝੋਟਾ ਸਮੇਤ ਤਿੰਨ ਪਰਿਵਾਰਾਂ ਨਾਲ ਮੁਲਾਕਾਤ

ਅੱਜ ਲੁਧਿਆਣਾ ਵਿੱਚ ‘ਚਿੱਟੇ ਦੇ ਰਾਵਣ’ ਦਾ ਕਰਨਗੇ ਦਹਿਨ, ਝੋਟਾ ਸਮੇਤ ਤਿੰਨ ਪਰਿਵਾਰਾਂ ਨਾਲ ਮੁਲਾਕਾਤ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਸਹਿਰੇ ਮੌਕੇ ਪੰਜਾਬ ਦੌਰੇ ’ਤੇ ਹਨ। ਉਹ ਲੁਧਿਆਣਾ ਦੇ ਦਰੇਸੀ ਦੁਸਹਿਰਾ ਗਰਾਊਂਡ ਵਿੱਚ ਪਹੁੰਚ ਕੇ ਰਾਵਣ ਦਹਿਨ ਕਰਨਗੇ। ਇਸ ਤੋਂ ਪਹਿਲਾਂ ਉਹ ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਵਿੱਚ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।

 

ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਲੁਧਿਆਣਾ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੇ ਆਉਣ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਦਰੇਸੀ ਦੁਸਹਿਰਾ ਗਰਾਊਂਡ ਵਿੱਚ ਸੁਰੱਖਿਆ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।

ਅਮਿਤ ਸ਼ਾਹ ਦਾ ਪੰਜਾਬ ਦੌਰੇ ਦਾ ਪ੍ਰੋਗਰਾਮ

ਦੁਪਹਿਰ 12:15 ਵਜੇ: ਵਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ। ਸਥਾਨ: ਪਿੰਡ ਮਾੜੀ ਪਨਵਾਂ, ਸ੍ਰੀ ਹਰਗੋਬਿੰਦਪੁਰ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਦੁਪਹਿਰ 2:15 ਵਜੇ: ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ। ਸਥਾਨ: ਹਰਦਮ ਪੱਤੀ, ਪਿੰਡ ਤੂਰ ਬੰਜਾਰਾ, ਜ਼ਿਲ੍ਹਾ ਸੰਗਰੂਰ।

ਦੁਪਹਿਰ 3:45 ਵਜੇ: ਨਸ਼ਿਆਂ ਵਿਰੁੱਧ ਸਰਗਰਮ ਰਹੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ। ਸਥਾਨ: ਵਾਰਡ ਨੰਬਰ 21, ਵਾਟਰ ਵਰਕਸ ਰੋਡ, ਮਾਨਸਾ।

ਸ਼ਾਮ 4:30 ਵਜੇ: ਲੁਧਿਆਣਾ ਵਿੱਚ ਮੀਡੀਆ ਨਾਲ ਗੱਲਬਾਤ।

ਸ਼ਾਮ 5:00 ਵਜੇ: ਦੁਸਹਿਰਾ ਸਮਾਗਮ ਵਿੱਚ ਸ਼ਮੂਲੀਅਤ ਅਤੇ ‘ਚਿੱਟੇ ਦੇ ਰਾਵਣ’ ਦਾ ਦਹਿਨ। ਸਥਾਨ: ਰਾਮਲੀਲਾ ਮੈਦਾਨ, ਦਰੇਸੀ ਰੋਡ, ਲੁਧਿਆਣਾ।

ਦਰੇਸੀ ਮੈਦਾਨ ਵਿੱਚ ਸੁਰੱਖਿਆ ਦੇ ਪ੍ਰਬੰਧ

ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਪੁਲਿਸ ਨੇ ਦੁਸਹਿਰਾ ਗਰਾਊਂਡ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਏਡੀਜੀਪੀ (ਐਡੀਸ਼ਨਲ ਸੀ.ਪੀ.) ਰੁਪਿੰਦਰ ਸਿੰਘ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਰੇਸੀ ਦੁਸਹਿਰਾ ਗਰਾਊਂਡ ਵਿੱਚ ਰਾਵਣ ਦਹਿਨ ਲਈ ਆ ਰਹੇ ਹਨ। ਇਸ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਸ਼ੁਰੂ ਕਰ ਦਿੱਤਾ ਗਿਆ।

ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਵੀ ਰਹੇਗਾ ਕੇਂਦਰ ਵਿੱਚ

ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤੇਜ਼ ਕਰਨ ਦੇ ਸੰਦਰਭ ਵਿੱਚ ਵੀ ਅਮਿਤ ਸ਼ਾਹ ਦਾ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ। ਉਹ ਮਾਨਸਾ, ਸੰਗਰੂਰ ਅਤੇ ਗੁਰਦਾਸਪੁਰ ਵਿੱਚ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਦੌਰੇ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਭਾਜਪਾ ਦੀ ਰਣਨੀਤੀ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।