Dr Parwinder Kaur: ਪੱਛਮੀ ਆਸਟਰੇਲੀਆ ਦੀ ਸੰਸਦ ’ਚ ਗੂੰਜਿਆ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼, ਪੰਜਾਬਣ ਡਾ. ਪਰਵਿੰਦਰ ਕੌਰ ਨੇ ਲੰਗਰ ਪ੍ਰਥਾ ਦਾ ਇਤਿਹਾਸ ਸੁਣਾਇਆ

Dr Parwinder Kaur: ਪੱਛਮੀ ਆਸਟਰੇਲੀਆ ਦੀ ਸੰਸਦ ’ਚ ਗੂੰਜਿਆ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼, ਪੰਜਾਬਣ ਡਾ. ਪਰਵਿੰਦਰ ਕੌਰ ਨੇ ਲੰਗਰ ਪ੍ਰਥਾ ਦਾ ਇਤਿਹਾਸ ਸੁਣਾਇਆ

ਆਸਟਰੇਲੀਆ ਦੀ ਕਿਸੇ ਵੀ ਸੰਸਦ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਬਣਨ ਤੋਂ ਬਾਅਦ ਪੰਜਾਬ ਦੇ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਜੰਮਪਲ ਡਾ. ਪਰਵਿੰਦਰ ਕੌਰ ਨੇ ਹੁਣ ਪੱਛਮੀ ਆਸਟਰੇਲੀਆ (WA) ਦੀ ਸੰਸਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਰਾਬਰੀ, ਸਾਂਝੀਵਾਲਤਾ ਅਤੇ ਲੰਗਰ ਦੇ ਫ਼ਲਸਫ਼ੇ ਬਾਰੇ ਭਾਸ਼ਣ ਦਿੱਤਾ ਹੈ। ਪੱਛਮੀ ਆਸਟਰੇਲੀਆ ਦੀ ਵਿਧਾਨ ਪਰਿਸ਼ਦ ਦੀ ਮੈਂਬਰ ਅਤੇ ਡਿਪਟੀ ਚੇਅਰ ਆਫ਼ ਕਮੇਟੀਜ਼ ਡਾ. ਪਰਵਿੰਦਰ ਕੌਰ ਵੱਲੋਂ ਸਦੀਆਂ ਪੁਰਾਣੀ ਲੰਗਰ ਪ੍ਰਥਾ ਦੇ ਇਤਿਹਾਸ ਅਤੇ ਮਹੱਤਵ ਬਾਰੇ ਦਿੱਤੇ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਭਾਰਤੀ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਅਤੇ ਉੱਘੇ ਲੇਖਕ ਤੇ ਫ਼ਿਲਮਸਾਜ਼ ਹਰਿੰਦਰ ਐੱਸ. ਸਿੱਕਾ ਨੇ ਵੀ ਡਾ. ਪਰਵਿੰਦਰ ਕੌਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਕੌਰ ਨੇ ਪੱਛਮੀ ਜਗਤ ਨੂੰ ਸਿੱਖੀ ਦੇ ਅਸਲ ਸਾਰ ਅਤੇ ਮਨੁੱਖਤਾ ਦੀ ਸੇਵਾ ਦੇ ਸਰਬ-ਸਾਂਝੇ ਸੰਦੇਸ਼ ਤੋਂ ਬਾਖ਼ੂਬੀ ਜਾਣੂ ਕਰਵਾਇਆ ਹੈ।

ਸੰਸਦ ’ਚ ਸੁਣਾਈ ‘ਸੱਚੇ ਸੌਦੇ’ ਦੀ ਸਾਖੀ

ਪਰਥ ਸਥਿਤ ਪੱਛਮੀ ਆਸਟਰੇਲੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਡਾ. ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਦੀ ਮੇਜ਼ਬਾਨੀ ਕਰਨ ਲਈ ਸੰਸਦ, ਸਮੂਹ ਮੈਂਬਰਾਂ ਅਤੇ ਮੰਤਰੀ ਜੈਸਿਕਾ ਸਟੋਜਕੋਵਸਕੀ ਦਾ ਧੰਨਵਾਦ ਕੀਤਾ।

ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ‘ਸੱਚੇ ਸੌਦੇ’ ਦੀ ਸਾਖੀ ਸੁਣਾਈ। ਉਨ੍ਹਾਂ ਦੱਸਿਆ ਕਿ ਕਿਵੇਂ ਬਚਪਨ ਵਿੱਚ ਪਿਤਾ ਮਹਿਤਾ ਕਾਲੂ (ਮਹਿਤਾ ਕਲਿਆਣ ਦਾਸ) ਜੀ ਵੱਲੋਂ ਵਪਾਰ ਕਰਨ ਲਈ ਦਿੱਤੇ 20 ਰੁਪਏ ਗੁਰੂ ਨਾਨਕ ਦੇਵ ਜੀ ਨੇ ਕਈ ਦਿਨਾਂ ਤੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ’ਤੇ ਖ਼ਰਚ ਕਰ ਦਿੱਤੇ ਸਨ।

ਡਾ. ਕੌਰ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਮੁਨਾਫ਼ੇ ਨਾਲੋਂ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਉੱਤਮ ਨਿਵੇਸ਼ ਮੰਨਿਆ। ਇਹੀ ਸੋਚ ਅੱਗੇ ਚੱਲ ਕੇ ਲੰਗਰ ਪ੍ਰਥਾ ਦਾ ਆਧਾਰ ਬਣੀ, ਜੋ 500 ਸਾਲਾਂ ਬਾਅਦ ਵੀ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਨਿਰੰਤਰ ਜਾਰੀ ਹੈ।

ਲੰਗਰ ਪ੍ਰਥਾ ਰਾਹੀਂ ਬਰਾਬਰੀ ਦਾ ਦਿੱਤਾ ਸੰਦੇਸ਼

ਡਾ. ਪਰਵਿੰਦਰ ਕੌਰ ਨੇ ਲੰਗਰ ਨੂੰ ਮਹਿਜ਼ ਭੋਜਨ ਵੰਡਣ ਦੀ ਪ੍ਰਕਿਰਿਆ ਤੋਂ ਕਿਤੇ ਉੱਪਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਸਿਰਜਣਾ ਜਾਤ-ਪਾਤ, ਧਰਮ, ਸਮਾਜਿਕ ਰੁਤਬੇ ਅਤੇ ਅਮੀਰੀ-ਗ਼ਰੀਬੀ ਦੇ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੀ ਗਈ ਸੀ। ਲੰਗਰ ਵਿੱਚ ਹਰ ਕੋਈ ਇੱਕੋ ਪੰਗਤ ਵਿੱਚ ਬੈਠ ਕੇ ਬਰਾਬਰੀ ਨਾਲ ਪ੍ਰਸ਼ਾਦਾ ਛਕਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਵੰਡੇ ਹੋਏ ਸਮਾਜ ਵਿੱਚ ਇਹ ਸਿਧਾਂਤ ਪਹਿਲਾਂ ਨਾਲੋਂ ਵੀ ਵੱਧ ਸਾਰਥਕ ਹੈ। ਇਸ ਮੌਕੇ ਉਨ੍ਹਾਂ ਸਿੱਖੀ ਦੇ ਤਿੰਨ ਬੁਨਿਆਦੀ ਸਿਧਾਂਤਾਂ ‘ਕਿਰਤ ਕਰੋ’, ‘ਵੰਡ ਛਕੋ’ ਅਤੇ ‘ਨਾਮ ਜਪੋ’ ਬਾਰੇ ਵੀ ਚਾਨਣਾ ਪਾਇਆ।

ਡਾ. ਕੌਰ ਨੇ ਪਰਥ ਵਾਸੀਆਂ ਨੂੰ ਕੈਨਿੰਗ ਵੇਲ ਅਤੇ ਬੈਨੇਟ ਸਪ੍ਰਿੰਗਜ਼ ਸਥਿਤ ਗੁਰਦੁਆਰਿਆਂ ਵਿੱਚ ਰੋਜ਼ਾਨਾ ਚੱਲਦੇ ਲੰਗਰ ਦਾ ਆਨੰਦ ਮਾਣਨ ਦਾ ਸੱਦਾ ਵੀ ਦਿੱਤਾ।

12 ਨਵੰਬਰ ਨੂੰ ਸੰਸਦ ਭਵਨ ’ਚ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਪੱਛਮੀ ਆਸਟਰੇਲੀਆ ਦੇ ਸੰਸਦ ਭਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪੱਛਮੀ ਆਸਟਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ, ਡਿਪਟੀ ਪ੍ਰੀਮੀਅਰ ਰੀਟਾ ਸੈਫਿਓਟੀ, ਮੰਤਰੀ ਜੈਸਿਕਾ ਸਟੋਜਕੋਵਸਕੀ, ਬੇਸਿਲ ਜ਼ੈਂਪੀਲਾਸ ਸਮੇਤ ਸਿੱਖ ਗੁਰਦੁਆਰਾ ਪਰਥ ਦੇ ਪ੍ਰਧਾਨ ਸਰਬਪ੍ਰੀਤ ਸਿੰਘ ਅਤੇ ਸਿੱਖ ਐਸੋਸੀਏਸ਼ਨ ਆਫ਼ ਡਬਲਯੂ.ਏ. (ਗੁਰਦੁਆਰਾ ਕੈਨਿੰਗ ਵੇਲ) ਦੇ ਪ੍ਰਧਾਨ ਅਮਰਜੀਤ ਸਿੰਘ ਤੇ ਸਮੂਹ ਪ੍ਰਬੰਧਕ ਕਮੇਟੀਆਂ ਨੇ ਸ਼ਮੂਲੀਅਤ ਕੀਤੀ।

ਪਿਛਲੇ ਸਾਲ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਚੁੱਕੀ ਸੀ ਸਹੁੰ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡਾ. ਪਰਵਿੰਦਰ ਕੌਰ ਆਪਣੇ ਸਿੱਖ ਵਿਰਸੇ ਪ੍ਰਤੀ ਸਮਰਪਣ ਕਾਰਨ ਚਰਚਾ ਵਿੱਚ ਆਏ ਹਨ। ਪਿਛਲੇ ਸਾਲ ਮਈ ਮਹੀਨੇ ਵਿੱਚ ਵੀ ਉਨ੍ਹਾਂ ਨੇ ਪੱਛਮੀ ਆਸਟਰੇਲੀਆ ਦੀ ਸੰਸਦ ਵਿੱਚ ਨੰਗੇ ਪੈਰੀਂ ਖੜ੍ਹੇ ਹੋ ਕੇ, ਸਿਰ ’ਤੇ ਰਵਾਇਤੀ ਦੁਪੱਟਾ ਸਜਾ ਕੇ ਅਤੇ ‘ਇਕ ਓਂਕਾਰ’ ਤੇ ‘ਕੌਰ’ ਦੀ ਕਢਾਈ ਵਾਲਾ ਭਾਰਤੀ ਪਹਿਰਾਵਾ ਪਹਿਨ ਕੇ ਪਵਿੱਤਰ ‘ਗੁਟਕਾ ਸਾਹਿਬ’ ’ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ।

ਨਵਾਂਸ਼ਹਿਰ ਨੇੜਲੇ ਇੱਕ ਛੋਟੇ ਜਿਹੇ ਪਿੰਡ ਤੋਂ ਆਸਟਰੇਲੀਆ ਪਹੁੰਚੀ ਡਾ. ਕੌਰ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉੱਘੀ ਬਾਇਓਟੈਕਨਾਲੋਜਿਸਟ ਰਹਿ ਚੁੱਕੀ ਹਨ। ਉਨ੍ਹਾਂ ਨੂੰ ਸਾਲ 2013 ਵਿੱਚ ਆਸਟਰੇਲੀਆਈ ਅਕੈਡਮੀ ਆਫ਼ ਸਾਇੰਸਿਜ਼ ਵੱਲੋਂ ‘ਸਾਇੰਸ ਐਂਡ ਇਨੋਵੇਸ਼ਨ ਐਵਾਰਡ’ ਅਤੇ 2019 ਵਿੱਚ ਮਾਈਕ੍ਰੋਸਾਫਟ ਦੇ ‘ਏ.ਆਈ. ਫਾਰ ਅਰਥ’ (AI for Earth) ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।