ਪੰਜਾਬੀ ਯੂਨੀਵਰਸਿਟੀ ਦੇ ਕੰਟਰੈਕਟ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ 'ਤੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਗੇਟ ਬੰਦ। (ਸਮੂਹ ਕੈਪਸ ਤੇ ਕਾਲਜ ਮੁਕੰਮਲ ਬੰਦ, ਧਰਨੇ ਨੂੰ ਸਾਰੇ ਵਰਗਾਂ ਦਾ ਮਿਲਿਆ ਪੂਰਨ ਸਮਰਥਨ)
- ਪੰਜਾਬ
- (Asia/Kolkata)
ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਮੁੱਖ ਗੇਟ ਮੁਕੰਮਲ ਤੌਰ 'ਤੇ ਬੰਦ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਮੁੱਖ ਕੈਂਪਸ, ਰੀਜਨਲ ਸੈਂਟਰਾਂ, ਨੈੱਬਰਹੁੱਡ ਕੈਂਪਸਾਂ ਅਤੇ ਸਮੂਹ ਕੰਸਟੀਚੂਐਂਟ ਕਾਲਜਾਂ ਵਿੱਚ ਵੀ ਪੂਰਨ ਤਾਲਾਬੰਦੀ ਰਹੀ। ਆਪਣੇ ਹੱਕਾਂ ਅਤੇ ਜਾਇਜ਼ ਮੰਗਾਂ ਲਈ ਲੰਮੇ ਸਮੇਂ ਤੋਂ ਲੜ ਰਹੇ ਅਧਿਆਪਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਬੇਰੁਖ਼ੀ ਅਤੇ ਟਾਲ-ਮਟੋਲ ਵਾਲੇ ਰਵੱਈਏ ਖ਼ਿਲਾਫ਼ ਇਹ ਸਖ਼ਤ ਕਦਮ ਚੁੱਕਿਆ ਹੈ। ਐਸੋਸੀਏਸ਼ਨ ਦੇ ਆਗੂ ਡਾ. ਮਨਮਿੰਦਰ ਕੌਰ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੰਟਰੈਕਟ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਮਿਤੀ 18 ਅਗਸਤ 2026 ਤੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਲਗਾਤਾਰ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ, ਪਰ ਪ੍ਰਸ਼ਾਸਨ ਮਸਲਿਆਂ ਦਾ ਹੱਲ ਕੱਢਣ ਦੀ ਬਜਾਏ ਲਗਾਤਾਰ ਅੱਖਾਂ ਮੀਟ ਕੇ ਬੈਠਾ ਹੈ। ਅੱਜ ਇਸ ਸੰਘਰਸ਼ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਰੈਗੂਲਰ ਅਧਿਆਪਕਾਂ, ਨੌਨ-ਟੀਚਿੰਗ ਸਟਾਫ਼, ਗੈਸਟ ਟੀਚਰਾਂ, ਪੀ.ਟੀ.ਏ ਫੰਡ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਕੰਟਰੈਕਟ ਅਧਿਆਪਕਾਂ ਦੀਆਂ ਮੰਗਾਂ ਦਾ ਪੂਰਨ ਸਮਰਥਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਬਲਦੇਵ ਸਿੰਘ ਨੇ ਸਿਸਟਮ ਦੀਆਂ ਲੂਮੜ-ਚਾਲਾਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਮੌਜੂਦਾ ਸਿਸਟਮ ਨੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਵੱਖ-ਵੱਖ ਵਰਗਾਂ (ਜਿਵੇਂ ਰੈਗੂਲਰ, ਕੰਟਰੈਕਟ, ਗੈਸਟ, ਪੀ.ਟੀ.ਏ.) ਵਿੱਚ ਵੰਡ ਕੇ ਰੱਖ ਦਿੱਤਾ ਹੈ ਸਾਰੇ ਵਰਗ ਆਪਸ ਵਿੱਚ ਹੀ ਉਲਝੇ ਰਹਿਣ ਅਤੇ ਆਪਣੇ ਸਾਂਝੇ ਹੱਕਾਂ ਲਈ ਇੱਕਮੁੱਠ ਨਾ ਹੋ ਸਕਣ। ਉਨ੍ਹਾਂ ਜੰਤਰ-ਮੰਤਰ 'ਤੇ ਹੋਏ ਇਤਿਹਾਸਕ ਸੰਘਰਸ਼ਾਂ ਦਾ ਹਵਾਲਾ ਦਿੰਦਿਆਂ ਚਿੰਤਾ ਜ਼ਾਹਰ ਕੀਤੀ ਕਿ ਅੱਜ ਚਾਹੇ ਸਰਕਾਰੀ ਖੇਤਰ ਹੋਵੇ ਜਾਂ ਪ੍ਰਾਈਵੇਟ ਖੇਤਰ, ਕਿਤੇ ਵੀ ਮਿਨੀਮਮ ਵੇਜ (ਘੱਟੋ-ਘੱਟ ਆਮਦਨ/ਤਨਖਾਹ) ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਉੱਚ ਵਿਦਿਆ ਪ੍ਰਾਪਤ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਗੈਸਟ ਫੈਕਲਟੀ ਦੇ ਅਧਿਆਪਕ ਗੁਰਮੀਤ ਸਿੰਘ ਨੇ ਬੋਲਦਿਆਂ ਕੱਚੇ ਅਧਿਆਪਕਾਂ ਨਾਲ ਹੁੰਦੇ ਵਿਤਕਰੇ ਅਤੇ ਮਾੜੇ ਵਿਵਹਾਰ ਦੀ ਪਰਤ ਖੋਲ੍ਹੀ। ਉਨ੍ਹਾਂ ਦੱਸਿਆ ਕਿ ਕਿਵੇਂ ਕੰਟਰੈਕਟ, ਗੈਸਟ ਅਤੇ ਪੀ.ਟੀ.ਏ. ਅਧਿਆਪਕਾਂ ਨਾਲ 'ਕੱਚੇ' ਹੋਣ ਦਾ ਠੱਪਾ ਲਗਾ ਕੇ ਹਰ ਪੱਧਰ 'ਤੇ ਸ਼ਰੇਆਮ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹਨਾਂ ਅਧਿਆਪਕਾਂ ਲਈ ਬੈਠਣ ਵਾਸਤੇ ਕਮਰੇ ਤੱਕ ਉਪਲਬਧ ਨਹੀਂ ਕਰਵਾਏ ਜਾਂਦੇ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਦਾਖ਼ਲ ਵੀ ਨਹੀਂ ਹੋਣ ਦਿੱਤਾ ਜਾਂਦਾ। ਮੰਗਾਂ ਦਾ ਵੇਰਵਾ ਸਾਂਝਾ ਕਰਦਿਆਂ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਮੂਹ ਕੰਟਰੈਕਟ ਸਹਾਇਕ ਪ੍ਰੋਫ਼ੈਸਰਾਂ ਨੂੰ ਯੂ ਜੀ ਸੀ ਰੈਗੂਲੇਸ਼ਨ 2010 ਅਤੇ 2018 ਅਨੁਸਾਰ ਬਣਦਾ ਪੂਰਾ ਤਨਖਾਹ-ਸਕੇਲ ਤੁਰੰਤ ਪ੍ਰਭਾਵ ਨਾਲ ਲਾਗੂ ਕਰਕੇ ਦਿੱਤਾ ਜਾਵੇ। ਇਸ ਦੇ ਨਾਲ ਹੀ ਪ੍ਰੋਫ਼ੈਸਰ ਗਗਨਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਅਧਿਆਪਕਾਂ ਦੇ ਹੱਕ ਵਿੱਚ ਆਏ ਮਾਣਯੋਗ ਅਦਾਲਤ ਦੇ ਫੈਸਲਿਆਂ ਅਤੇ ਆਦੇਸ਼ਾਂ ਨੂੰ ਇੰਨ-ਬਿੰਨ ਅਤੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਲਾਗੂ ਕੀਤਾ ਜਾਵੇ। ਧਰਨੇ ਦੌਰਾਨ ਹੋਈ ਅਪਮਾਨਜਨਕ ਘਟਨਾ 'ਤੇ ਰੋਸ ਜ਼ਾਹਰ ਕਰਦਿਆਂ ਪ੍ਰੋਫ਼ੈਸਰ ਲਖਬੀਰ ਸਿੰਘ ਨੇ ਦੱਸਿਆ ਕਿ ਮਿਤੀ 7 ਸਤੰਬਰ 2026 ਨੂੰ ਸ਼ਾਮ ਲਗਭਗ 5 ਵਜੇ ਡਾਇਰੈਕਟਰ (ਕਾਂਸਟੀਚੂਐਂਟ ਕਾਲਜਿਜ਼) ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਤਰਨਜੀਤ ਕੌਰ ਅਤੇ ਉਨ੍ਹਾਂ ਦੇ ਅਧਿਆਪਕ ਸਾਥੀਆਂ ਨਾਲ ਬੇਹੱਦ ਨਿੰਦਣਯੋਗ ਅਤੇ ਅਪਮਾਨਜਨਕ ਬਦਸਲੂਕੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਇਸ ਗੈਰ-ਜ਼ਿੰਮੇਵਾਰਾਨਾ ਵਿਵਹਾਰ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਅਧਿਕਾਰੀ ਖ਼ਿਲਾਫ਼ ਤੁਰੰਤ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਧਰਨੇ ਵਿੱਚ ਸ਼ਾਮਲ ਹੋਏ ਸਮਰਥਕਾਂ ਦਾ ਧੰਨਵਾਦ ਕਰਦਿਆਂ ਅਧਿਆਪਕ ਆਗੂਆਂ ਡਾ. ਮਨਮਿੰਦਰ ਕੌਰ, ਡਾ. ਅਮਨਦੀਪ ਕੌਰ, ਪ੍ਰੋਫ਼ੈਸਰ ਗਗਨਪ੍ਰੀਤ ਸਿੰਘ ਅਤੇ ਪ੍ਰੋਫ਼ੈਸਰ ਲਖਬੀਰ ਸਿੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਾਂਝੀ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਇਹ ਲੜਾਈ ਸਿਰਫ਼ ਕੰਟਰੈਕਟ ਅਧਿਆਪਕਾਂ ਦੀ ਨਹੀਂ ਰਹੀ, ਸਗੋਂ ਪੂਰੀ ਯੂਨੀਵਰਸਿਟੀ ਦੇ ਸਮੂਹ ਵਰਗ ਸਾਡੇ ਨਾਲ ਹਿੱਕ ਡਾਹ ਕੇ ਖੜ੍ਹੇ ਹਨ। ਜੇਕਰ ਇਹਨਾਂ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਨਾ ਕੀਤਾ ਗਿਆ, ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਤੋਂ ਨਿਕਲਣ ਵਾਲੇ ਕਿਸੇ ਵੀ ਗੰਭੀਰ ਸਿੱਟੇ ਅਤੇ ਅਕਾਦਮਿਕ ਹਰਜ ਦੀ ਪੂਰੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।