ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੀ ਗੁਰਮਤਿ ਕਲਾਸ ਵਿੱਚ ਕਵੀਸ਼ਰੀ ਤੇ ਗੁਰਬਾਣੀ ਦੀ ਵਿਆਖਿਆ

ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੀ ਗੁਰਮਤਿ ਕਲਾਸ ਵਿੱਚ ਕਵੀਸ਼ਰੀ ਤੇ ਗੁਰਬਾਣੀ ਦੀ ਵਿਆਖਿਆ

ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵੱਲੋਂ ਚਲ ਰਹੀ ਹਫਤਾਵਾਰੀ ਗੁਰਮਤਿ ਕਲਾਸ ਹਮੇਸ਼ਾਂ ਦੀ ਤਰ੍ਹਾਂ ਇਸ ਐਤਵਾਰ ਵੀ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ, ਬਸਤੀ ਸ਼ੇਖ ਮਾਡਲ ਹਾਊਸ ਰੋਡ ਜਲੰਧਰ ਵਿਖੇ ਲਗਾਈ ਗਈ।
 

ਕਲਾਸ ਦੀ ਸ਼ੁਰੂਆਤ ਹਰਕੋਮਲ ਕੌਰ ਵੱਲੋਂ ਮੂਲ ਮੰਤ੍ਰ ਦਾ ਜਾਪ ਕਰਕੇ ਕੀਤੀ ਗਈ। ਇਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਕਵੀਸ਼ਰੀ ਜਥੇ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕਵੀਸ਼ਰੀ ਪ੍ਰਸੰਗ ਪੇਸ਼ ਕੀਤਾ ਗਿਆ।
 

ਇਸ ਮੌਕੇ ਪ੍ਰਿੰਸੀਪਲ ਮਨਦੀਪ ਸਿੰਘ ਨੇ ਬੱਚਿਆਂ ਨਾਲ ਗੁਰਬਾਣੀ ਦੇ ਸ਼ਬਦ “ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ” ਦੀ ਵਿਆਖਿਆ ਕਰਦਿਆਂ ਦੱਸਿਆ ਕਿ ਸਭ ਕੁਝ ਬਖ਼ਸ਼ਣ ਵਾਲਾ ਕੇਵਲ ਇੱਕ ਪਰਮਾਤਮਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਉਸਦੀ ਕਿਰਪਾ ਦਾ ਪਾਤਰ ਤਦੋਂ ਬਣ ਸਕਦਾ ਹੈ ਜਦੋਂ ਉਹ ਆਪਣੇ ਮਨ ਦੀਆਂ ਚਤੁਰਾਈਆਂ ਛੱਡ ਕੇ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਕਰੇ। ਮਨ ਦੇ ਮਗਰ ਲੱਗ ਕੇ ਕੀਤੇ ਕੰਮ ਅਕਸਰ ਪਛਤਾਵੇ ਦਾ ਕਾਰਨ ਬਣਦੇ ਹਨ।
 

ਇਸ ਤੋਂ ਬਾਅਦ ਸ੍ਰੀ ਰਜਿੰਦਰ ਸਿੰਘ ਨੇ ਸਿੱਖ ਇਤਿਹਾਸ ਵਿੱਚ ਇਸਤਰੀ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਰਾਤਨ ਸਮਾਜ ਵਿੱਚ ਇਸਤਰੀ ਦੀ ਹਾਲਤ ਕਾਫੀ ਦੁਖਦਾਈ ਸੀ। ਪਰ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਕਿ ਜਿਸ ਇਸਤਰੀ ਨੇ ਰਾਜਿਆਂ ਅਤੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ, ਉਸਨੂੰ ਮੰਦਾ ਕਿਵੇਂ ਕਿਹਾ ਜਾ ਸਕਦਾ ਹੈ।
 

ਭਾਈ ਸਾਹਿਬ ਸਿੰਘ ਜੀ ਨੇ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਦੇ 300 ਸਾਲਾਂ ਦੇ ਸੰਬੰਧ ਵਿੱਚ ਉਨ੍ਹਾਂ ਦੀ ਸ਼ਹਾਦਤ ਦਾ ਵਰਣਨ ਕੀਤਾ। ਇਸ ਤੋਂ ਇਲਾਵਾ ਸ੍ਰੀ ਰਛਪਾਲ ਸਿੰਘ ਨੇ ਵੀ ਸਿੱਖ ਇਤਿਹਾਸ ਨਾਲ ਜੁੜੀਆਂ ਕਈ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਲੜਾਈਆਂ ਸਿੱਖੀ ਦੇ ਅਸੂਲਾਂ ਅਤੇ ਧਰਮ ਦੀ ਰੱਖਿਆ ਲਈ ਲੜੀਆਂ ਗਈਆਂ।
 

ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਮਨਦੀਪ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਕਿਹਾ ਕਿ ਸਾਨੂੰ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਗੁਰਬਾਣੀ, ਗੁਰ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰਾਂ ਸਮੇਤ ਇਸ ਗੁਰਮਤਿ ਕਲਾਸ ਵਿੱਚ ਸ਼ਾਮਿਲ ਹੋ ਕੇ ਲਾਹਾ ਲੈਣ।
 

ਅੰਤ ਵਿੱਚ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਕਲਾਸ ਦੀ ਸਮਾਪਤੀ ਕੀਤੀ ਗਈ। ਦੱਸਣਯੋਗ ਹੈ ਕਿ ਇਹ ਗੁਰਮਤਿ ਕਲਾਸ ਹਰ ਐਤਵਾਰ ਸ਼ਾਮ 4:00 ਤੋਂ 5:30 ਵਜੇ ਤੱਕ ਲਗਾਈ ਜਾਂਦੀ ਹੈ।