ਪਟਿਆਲਾ, 21 ਅਕਤੂਬਰ(ਦਵਿੰਦਰ ਕੁਮਾਰ)- ਅੱਜ ਸਥਾਨਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਛੇ ਵਿਦਿਆਰਥੀ ਜਥੇਬੰਦੀਆਂ (ਪੀ ਐੱਸ ਯੂ (ਲਲਕਾਰ),ਏ ਆਈ ਐੱਸ ਐੱਫ, ਐੱਸ ਐੱਫ ਆਈ, ਪੀ ਐੱਸ ਯੂ, ਡੀ ਐੱਸ ਓ ਅਤੇ ਪੀ ਆਰ ਐੱਸ ਯੂ) ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਫੀਸਾਂ ਵਿੱਚ ਭਾਰੀ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਪ੍ਰਸਾਸ਼ਨ ਖਿਲਾਫ ਚਿਤਾਵਨੀ ਰੈਲੀ ਕੀਤੀ ਗਈ। ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਫੀਸਾਂ ਦੇ ਵਾਧੇ, ਹੋਸਟਲਾਂ ਦੀ ਕਮੀ, ਬੁਨਿਆਦੀ ਸਹੂਲਤਾਂ ਦੀ ਘਾਟ,ਲਾਇਬਰੇਰੀ ਦਾ ਸਮਾਂ ਘਟਾ ਦੇਣ ਆਦਿ ਖਿਲਾਫ ਅਜਿਹਾ ਰੋਹ ਫੁੱਟਿਆ ਕਿ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀ ਆਪਣੀਆਂ ਕਲਾਸਾਂ ਛੱਡ ਰੈਲੀ ਵਿੱਚ ਸ਼ਾਮਲ ਹੋਏ ਅਤੇ ਯੂਨੀਵਰਸਿਟੀ ਵਿੱਚ ਜਨਰਲ ਹੜਤਾਲ ਵਾਲਾ ਮਾਹੌਲ ਬਣਿਆ ਰਿਹਾ। ਵਿਦਿਆਰਥੀਆਂ ਨੇ ਵਾਇਸ ਚਾਂਸਲਰ ਦੇ ਦਫਤਰ ਦੇ ਬਾਹਰ ਭਾਰੀ ਇੱਕਠ ਕਰਕੇ ਆਪਣੀ ਗੱਲ ਰੱਖੀ ਅਤੇ ਫੀਸਾਂ ਦੇ ਵਾਧੇ ਖਿਲਾਫ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ। ਰੈਲੀ ਦੀ ਅਗਵਾਈ ਕਰ ਰਹੇ ਸਾਂਝੇ ਵਿਦਿਆਰਥੀ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਸਾਡੇ ਵੱਲੋਂ ਵਾਰ-ਵਾਰ ਯੂਨੀਵਰਸਿਟੀ ਪ੍ਰਸਾਸ਼ਨ ਦੇ ਧਿਆਨ ਵਿੱਚ ਆਪਣੀਆਂ ਮੰਗਾਂ ਲਿਆਂਦੀਆਂ ਗਈ ਹਨ ਪਰ ਪ੍ਰਸਾਸ਼ਨ ਇਹਨਾਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਯੂਨੀਵਰਸਿਟੀ ਦੀਆਂ ਕੋਰਸ ਫੀਸਾਂ ਵਿੱਚ ਵਾਧਾ ਕੀਤਾ ਹੈ ਇਹ ਵਾਧਾ 3.4% ਤੋਂ ਲੈ ਕੇ 109% ਤੱਕ ਦਾ ਹੈ। ਇਹਦੇ ਨਾਲ ਹੀ ਹੋਸਟਲ ਦੀਆਂ ਫੀਸਾਂ ਵਿੱਚ ਵਾਧਾ ਹੋਇਆ, ਜਿਸ ਵਿੱਚ ਮੈੱਸ ਸਿਕਿਉਰਿਟੀ ਤੱਕ ਸ਼ਾਮਿਲ ਹੈ ਜੋ 7000 ਰੁਪਏ ਕਰ ਦਿੱਤੀ ਗਈ ਹੈ, ਨਾਲ ਦੀ ਨਾਲ ਹਰੇਕ ਤਰ੍ਹਾਂ ਦੇ ਫਾਰਮਾਂ ਦੀ ਫੀਸ ਵਧਾਈ ਗਈ ਹੈ। ਸਭ ਤਰ੍ਹਾਂ ਦੀਆਂ ਫੀਸਾਂ ਉੱਪਰ GST ਥੋਪ ਦਿੱਤਾ ਗਿਆ ਹੈ ਅਤੇ ਪ੍ਰੀਖਿਆ ਫੀਸ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਕੈਂਪਸ ਦੀਆਂ ਫੀਸਾਂ ਸਮੇਤ ਇਸਦੇ ਕੰਸਟੀਚਿਊਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਤੇ ਰਿਜਨਲ ਸੈਂਟਰਾਂ ਦੇ ਕੋਰਸਾਂ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਿੱਖਿਆ ਨੀਤੀ 2020 ਨੂੰ ਲਾਗੂ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜ-ਸਾਲਾ ਅੰਤਰ-ਅਨੁਸਾਸ਼ਨੀ ਕੋਰਸ ਸ਼ੁਰੂ ਕਰ ਦਿੱਤੇ ਗਏ ਹਨ।ਇਹਨਾਂ ਕੋਰਸਾਂ ਦੀਆਂ ਫੀਸਾਂ ਨਾ ਸਿਰਫ ਬਾਕੀ ਕੋਰਸਾਂ ਨਾਲੋਂ ਬਹੁਤ ਜਿਆਦਾ ਹਨ ਸਗੋੰ ਇੱਕੋ ਕੋਰਸ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਦਾਖਲ ਕਰਕੇ, ਉਹਨਾਂ ਨੂੰ ਇੱਕੋ ਕਲਾਸ-ਰੂਮ ਵਿੱਚ ਪੜਾਉਣ ਦਾ ਅਮਲ ਵਰਤ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਦਾਅ ਉੱਤੇ ਲਾ ਦਿੱਤਾ ਗਿਆ ਹੈ। ਯੂਨੀਵਰਸਿਟੀ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ਸੈਂਕੜੇ ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਤੱਕ ਚਲਾ ਗਿਆ ਹੈ। ਇਥੇ ਹੀ ਬਸ ਨਹੀਂ peer tutoring ਵਰਗੇ ਕੌਮੀ ਸਿੱਖਿਆ ਨੀਤੀ 2020 ਦੇ ਸੰਕਲਪ ਲਾਗੂ ਕਰਕੇ ਚੰਗੀ ਵਿਦਿਆ ਲੈਣ ਆਏ ਵਿਦਿਆਰਥੀਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਵਿੱਚ ਬੜੇ ਵੱਡੇ ਪੱਧਰ ‘ਤੇ ਹੋਸਟਲਾਂ ਦੀ ਘਾਟ ਹੈ ਪਰ ਪ੍ਰਸਾਸ਼ਨ ਇਸ ਵੱਲ ਧਿਆਨ ਨਹੀਂ ਦੇ ਰਿਹਾ, ਖਾਸਕਰ ਕੁੜੀਆਂ ਦੇ ਹੋਸਟਲਾਂ ਵਿੱਚ ਕਮਰਿਆਂ ਦੀ ਸਮਰੱਥਾ ਤੋਂ ਦੁੱਗਣੀਆਂ-ਤਿੱਗੁਣੀਅਾਂ ਕੁੜੀਆਂ ਇੱਕੋ ਕਮਰੇ ਚ ਰਹਿੰਦੀਆਂ ਹਨ।ਮੁੰਡਿਆਂ ਦੇ ਹੋਸਟਲਾਂ ਦ ਹਾਲ ਵੀ ਇਸ ਤੋਂ ਵੱਖਰਾ ਨਹੀਂ। ਬੁਨਿਆਦੀ ਸਹੂਲਤਾਂ ਜਿਵੇਂ ਪੀਣ ਵਾਲਾ ਪਾਣੀ, ਵਾਥਰੂਮ, ਟੁਆਲਿਟ, ਬੈੱਡ,ਅਲਮਾਰੀਆਂ ਆਦਿ ਦੀ ਭਾਰੀ ਘਾਟ ਹੈ। ਲਾਇਬਰੇਰੀ ਵਿੱਚ ਓਵਰਡਿਊ ਦਾ ਜੁਰਮਾਨਾ ਪੰਜ ਗੁਣਾ ਵਧਾ ਦਿੱਤਾ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਚੰਗੀ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ।ਕਿਰਤੀ ਲੁਕਾਈ ਕਰੋੜਾਂ ਅਰਬਾਂ ਰੁਪਏ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਤਾਰਦੀ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੀ ਗਰਾਂਟ ਘਟਾਈ ਹੈ।ਯੂਨੀਵਰਸਿਟੀ ਦੇ ਵਿੱਤੀ ਘਾਟੇ ਦਾ ਕਾਰਨ ਵੀ ਸਰਕਾਰ ਦਾ ਗਰਾਂਟ ਨਾ ਮੁਹੱਈਆ ਕਰਵਾਉਣਾ ਹੈ।ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਤੋਂ ਗਰਾਂਟ ਦੀ ਮੰਗ ਕਰਨੀ ਚਾਹੀਦੀ ਹੈ ਨਾ ਕਿ ਫੀਸਾਂ ਵਧਾਈਆਂ ਜਾਣੀਆਂ ਚਾਹੀਦੀਆਂ ਹਨ।ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਫੀਸਾਂ ਨੂੰ ਯੂਨੀਵਰਸਿਟੀ ਦੇ ਘਾਟੇ ਦਾ ਕਾਰਨ ਦੱਸ ਕੁਤਰਕ ਕਰ ਰਿਹਾ ਹੈ। ਵਿਦਿਆਰਥੀਆਂ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਵਾਇਸ-ਚਾਂਸਲਰ ਨੂੰ ਮੰਗ-ਪੱਤਰ ਦਿੱਤਾ ।ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਹਨ ਕਿ- 1. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਕੋਰਸ, ਹੋਸਟਲ, ਪ੍ਰੀਖਿਆ, ਫਾਰਮ ਫੀਸਾਂ ਅਤੇ ਹੋਸਟਲ ਮੈਸ ਸਿਕਿਉਰਿਟੀ ‘ਚ ਕੀਤਾ ਵਾਧਾ ਤਰੁੰਤ ਵਾਪਸ ਲਵੋ ਅਤੇ ਫੀਸਾਂ-ਫਾਰਮਾਂ ਉੱਤੋਂ ਥੋਪਿਆ GST ਹਟਾਇਆ ਜਾਵੇ ਨਾਲ ਹੀ ਟ੍ਰਾਂਸਕ੍ਰਿਪਟ ਫੀਸਾਂ ਆਦਿ ਵਿੱਚ ਕੀਤਾ ਵਾਧਾ ਪੂਰੀ ਤਰ੍ਹਾਂ ਵਾਪਸ ਲਿਆ ਜਾਵੇ। 2. ਨਵੇਂ ਸ਼ੁਰੂ ਕੀਤੇ ਪੰਜ ਸਾਲਾ ਅੰਤਰ-ਅਨੁਸਾਸ਼ਨੀ ਕੋਰਸਾਂ ਦੀਆਂ ਫੀਸਾਂ ਨਜਾਇਜ਼ ਹਨ। ਇਹਨਾਂ ਨੂੰ ਘਟਾ ਕੇ ਇਹਨਾਂ ਸਾਵੇਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਬਰਾਬਰ ਕੀਤਾ ਜਾਵੇ। 3. ਵਿਦਿਆਰਥੀਆਂ ਲਈ ਤੁਰੰਤ ਨਵੇਂ ਹੋਸਟਲਾਂ ਦੀ ਉਸਾਰੀ ਕੀਤੀ ਜਾਵੇ। 4. ਪੀਐੱਚ.ਡੀ ਦੀਆਂ ਸਾਰੀਆਂ ਨੋਟੀਫਾਈਡ ਸੀਟਾਂ ਭਰੀਆਂ ਜਾਣ ਅਤੇ ਐੱਮ.ਫਿਲ ਦਾ ਕੋਰਸ ਚਾਲੂ ਰੱਖਿਆ ਜਾਵੇ। 5. ਗੈਸਟ ਫੈਕਲਟੀ ਦੀਆਂ ਤਨਖਾਹਾਂ ਚ ਕੀਤੀ ਕਟੌਤੀ ਦਾ ਫੈਸਲਾ ਰੱਦ ਕੀਤਾ ਜਾਵੇ। 6. ਲਾਇਬ੍ਰੇਰੀ ਦੇ ਜੁਰਮਾਨੇ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ। 7. ਲਾਇਬ੍ਰੇਰੀ ਦਾ ਪਹਿਲਾਂ ਵਾਲਾ ਸਮਾਂ (ਸਵੇਰ 8 ਤੋਂ ਅਗਲੇ ਦਿਨ ਸਵੇਰ 6 ਵਜੇ ਤੱਕ) ਬਹਾਲ ਕੀਤਾ ਜਾਵੇ ਅਤੇ ਪਹਿਲਾਂ ਹੋਏ ਸਮਝੌਤੇ ਮੁਤਾਬਕ ਪੂਰੀ ਲਾਇਬਰੇਰੀ ਖੋਲੀ ਜਾਵੇ। 8. ਖੋਜਾਰਥੀਆਂ ਦੀ ਰੋਕੀ ਹੋਈ ਫੈਲੋਸ਼ਿਪ ਤਰੁੰਤ ਜਾਰੀ ਕਰੋ। 9. ਯੂਨੀਵਰਸਿਟੀ ਚ ਹੋਏ ਘਪਲਿਆਂ ਦੀ ਨਿਰਪੱਖ ਜਾਂਚ ਕਰਦੇ ਹੋਏ ਦੋਸ਼ੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਜਾਂਚ ਦੇ ਘੇਰੇ ਵਿੱਚ ਜ਼ਿੰਮੇਵਾਰ ਉੱਪਰਲੇ ਅਧਿਕਾਰੀਆਂ ਨੂੰ ਵੀ ਲਿਆ ਜਾਵੇ। 10. ਪੰਜਾਬ ਸਰਕਾਰ ਯੂਨੀਵਰਸਿਟੀ ਦਾ ਘਾਟਾ ਪੂਰਾ ਕਰਨ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕਰੇ ਅਤੇ ਹਰ ਸਾਲ ਇਸਦੇ ਖਰਚਿਆਂ ਮੁਤਾਬਕ ਗ੍ਰਾਂਟ ਦੇਵੇ। ਉਹਨਾਂ ਦੱਸਿਆਂ ਕਿ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਐਲਾਨ ਕਰਦੇ ਹਾਂ ਅਤੇ ਪ੍ਰਸਾਸ਼ਨ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣੀਆਂ ਇਹਨਾਂ ਮੰਗਾਂ ਦੇ ਪੂਰਾ ਹੋਣ ਤੱਕ ਆਪਣੇ ਹੱਕ ਦੀ ਲੜਾਈ ਲੜਾਂਗੇ, ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਰੱਖੇ ਗਏ ਪ੍ਰੋਗਰਾਮ ਉੱਤੇ, ਜਿਸ ਵਿੱਚ 25 ਅਕਤੂਬਰ ਤੋਂ ਪੱਕਾ ਮੋਰਚਾ ਲਾਉਣ ਦਾ ਸੱਦਾ ਦਿੱਤਾ ਗਿਆ। ਸਾਰੇ ਵਿਦਿਆਰਥੀਆਂ ਨੇ ਇਨਲਲਾਬੀ ਨਾਹਰਿਆਂ ਨਾਲ ਸਹਿਮਤੀ ਪੇਸ਼ ਕੀਤੀ। ਇਸ ਮੌਕੇ ਏ ਆਈ ਐੱਸ ਐੱਫ ਵੱਲੋਂ ਵਰਿੰਦਰ ਖੁਰਾਣਾ, ਐੱਸ ਐੱਫ ਆਈ ਵੱਲੋਂ ਅਮ੍ਰਿਤਪਾਲ, ਪੀ ਐੱਸ ਯੂ ਵੱਲੋਂ ਪਰਮਿੰਦਰ ਕੌਰ, ਪੀ ਐੱਸ ਯੂ (ਲਲਕਾਰ) ਵੱਲੋਂ ਸੰਦੀਪ, ਡੀ ਐੱਸ ਓ ਵੱਲੋਂ ਬਲਕਾਰ ਅਤੇ ਪੀ ਆਰ ਐੱਸ ਯੂ ਵੱਲੋਂ ਰਸ਼ਪਿੰਦਰ ਜਿੰਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸਟੇਜ ਦੀ ਕਾਰਵਾਈ ਪੀ ਐੱਸ ਯੂ (ਲਲਕਾਰ) ਤੋਂ ਸ੍ਰਿਸ਼ਟੀ ਨੇ ਅਦਾ ਕੀਤੀ।