ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੀ ਖੁਸ਼ੀ 'ਚ ਕਾਂਗਰਸ ਦਫਤਰ ਵਿਖੇ ਵੰਡੇ ਲੱਡੂ

ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੀ ਖੁਸ਼ੀ 'ਚ ਕਾਂਗਰਸ ਦਫਤਰ ਵਿਖੇ ਵੰਡੇ ਲੱਡੂ

ਤਲਵੰਡੀ ਸਾਬੋ/ਮੌੜ, 05 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ. ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਅੱਜ ਮੌੜ ਕੈਂਚੀਆਂ ਸਥਿਤ ਕਾਂਗਰਸ ਦਫ਼ਤਰ ਵਿਖੇ ਸਮੂਹ ਕਾਂਗਰਸੀ ਆਗੂਆਂ ਅਤੇ ਸਾਥੀ ਵਰਕਰਾਂ ਵੱਲੋਂ ਹਲਕਾ ਮੌੜ ਤੋਂ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਭਾਰੀ ਉਤਸ਼ਾਹ ਨਾਲ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਮੌੜ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਦੀ ਜ਼ਿੰਮੇਵਾਰੀ ਪ੍ਰਗਟ ਸਿੰਘ ਵਰਗੇ ਇਮਾਨਦਾਰ, ਮਿਹਨਤੀ ਅਤੇ ਗਤੀਸ਼ੀਲ ਆਗੂ ਨੂੰ ਮਿਲਣਾ ਪਾਰਟੀ ਦੇ ਸਮੂਹ ਵਰਕਰਾਂ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਪ੍ਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਇੱਕ ਨਵੀਂ ਬੁਲੰਦੀ ਨੂੰ ਛੂਹੇਗੀ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਨਵੀਂ ਊਰਜਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੀ ਨਿਯੁਕਤੀ ਨਾਲ ਹਰ ਕਾਂਗਰਸੀ ਵਰਕਰ ਦੇ ਦਿਲ ਵਿੱਚ ਨਵਾਂ ਜੋਸ਼ ਪੈਦਾ ਹੋਇਆ ਹੈ। ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣ ਅਤੇ ਲੋਕ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਪਾਰਟੀ ਦਾ ਹਰ ਵਰਕਰ ਇਕਜੁੱਟ ਹੋ ਕੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਸਮੂਹ ਆਗੂ ਅਤੇ ਵਰਕਰ ਪਾਰਟੀ ਦੀ ਮਜ਼ਬੂਤੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇੱਕ ਕਰਨਗੇ।ਇਸ ਦੌਰਾਨ ਹਾਜ਼ਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਏਗੀ। ਲੱਡੂ ਵੰਡ ਕੇ ਖੁਸ਼ੀ ਮਨਾਉਣ ਉਪਰੰਤ ਸਮੂਹ ਵਰਕਰਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਅਤੇ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਵੀ ਲਿਆ।