ਦੋ ਸਾਲਾ ਮਾਸੂਮ ਦੇ ਕਤਲ ਮਾਮਲੇ ’ਚ 20 ਸਾਲਾ ਗੁਆਂਢਣ ਗ੍ਰਿਫ਼ਤਾਰ, ਗਲਾ ਘੁੱਟ ਕੇ ਛੱਤ ’ਤੇ ਸੁੱਟੀ ਸੀ ਲਾਸ਼
- ਪੰਜਾਬ
- (Asia/Kolkata)
Mohali Child Murder: ਮੁਹਾਲੀ ਪੁਲਿਸ ਨੇ ਪਿੰਡ ਬੱਲੋਪੁਰ ਵਿੱਚ ਕਰੀਬ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ 20 ਸਾਲਾ ਗੁਆਂਢਣ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਅਨੁਸਾਰ, ਔਰਤ ਨੇ ਪਹਿਲਾਂ ਬੱਚੇ ਨੂੰ ਅਗਵਾ ਕੀਤਾ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਘਰ ਦੀ ਛੱਤ ’ਤੇ ਰੱਖ ਦਿੱਤੀ ਸੀ। ਪੁਲਿਸ ਮੁਤਾਬਕ, ਮੁਲਜ਼ਮ ਔਰਤ ਕੁਝ ਦਿਨ ਪਹਿਲਾਂ ਹੋਏ ਗਰਭਪਾਤ ਕਾਰਨ ਮਾਨਸਿਕ ਤਣਾਅ ਵਿੱਚ ਸੀ।
ਐੱਸ.ਐੱਸ.ਪੀ. ਮੁਹਾਲੀ ਦੇ ਨਿਰਦੇਸ਼ਾਂ ਹੇਠ ਇਸ ਮਾਮਲੇ ਦੀ ਜਾਂਚ ਕੀਤੀ ਗਈ। ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੱਲੋਪੁਰ, ਥਾਣਾ ਲਾਲੜੂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਕਰੀਬ ਦੋ ਸਾਲਾ ਪੁੱਤਰ ਗੁਰਸ਼ਾਂਤ ਸਿੰਘ 14 ਨਵੰਬਰ ਨੂੰ ਦੁਪਹਿਰ ਕਰੀਬ 1:30 ਵਜੇ ਘਰ ਦੇ ਬਾਹਰ ਖੇਡ ਰਿਹਾ ਸੀ। ਇਸੇ ਦੌਰਾਨ ਉਹ ਅਚਾਨਕ ਲਾਪਤਾ ਹੋ ਗਿਆ।
ਪਰਿਵਾਰ ਵੱਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਗਈ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਅਗਲੇ ਦਿਨ 15 ਨਵੰਬਰ ਨੂੰ ਬੱਚੇ ਦੀ ਲਾਸ਼ ਗੁਆਂਢੀ ਰਾਜਬੀਰ ਸਿੰਘ ਦੀ ਛੱਤ ਤੋਂ ਬਰਾਮਦ ਹੋਈ। ਇਸ ਸਬੰਧੀ ਥਾਣਾ ਲਾਲੜੂ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਣਕਾਰੀ ਦੇ ਆਧਾਰ ’ਤੇ ਜਾਂਚ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਪੀ. ਦਿਹਾਤੀ, ਡੀ.ਐੱਸ.ਪੀ. ਦਿਹਾਤੀ, ਡੀ.ਐੱਸ.ਪੀ. ਹੈੱਡਕੁਆਰਟਰ ਅਤੇ ਥਾਣਾ ਲਾਲੜੂ ਦੀਆਂ ਪੁਲਿਸ ਟੀਮਾਂ ਨੂੰ ਜਾਂਚ ਵਿੱਚ ਲਗਾਇਆ ਗਿਆ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਗਈ। ਇਸ ਦੇ ਨਾਲ ਹੀ ਤਕਨੀਕੀ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਵੀ ਜਾਂਚ ਅੱਗੇ ਵਧਾਈ ਗਈ।
ਲਗਾਤਾਰ ਜਾਂਚ ਤੋਂ ਬਾਅਦ ਪੁਲਿਸ ਨੇ 19 ਨਵੰਬਰ ਨੂੰ ਪਿੰਡ ਬੱਲੋਪੁਰ ਦੀ ਰਹਿਣ ਵਾਲੀ ਸੋਨਿਕਾ ਪਤਨੀ ਰੋਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਬੱਚੇ ਨੂੰ ਅਗਵਾ ਕਰਨ ਅਤੇ ਉਸ ਦੀ ਹੱਤਿਆ ਕਰਨ ਸਬੰਧੀ ਤੱਥ ਸਾਹਮਣੇ ਆਏ ਹਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਔਰਤ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਸੀ। ਪੁਲਿਸ ਵੱਲੋਂ ਮੁਲਜ਼ਮ ਔਰਤ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।