ਪੰਜਾਬ ਯੂਨੀਵਰਸਿਟੀ ਦੇ ਨਵੇਂ ਐੱਮਏ ਹਿਸਟਰੀ ਸਿਲੇਬਸ ’ਤੇ ਉੱਠੇ ਸਵਾਲ, ਸਿੱਖ ਤੇ ਪੰਜਾਬ ਇਤਿਹਾਸ ਦੇ ਵਿਸ਼ੇ ਹਟਾਉਣ ’ਤੇ ਵਿਰੋਧ

ਪੰਜਾਬ ਯੂਨੀਵਰਸਿਟੀ ਦੇ ਨਵੇਂ ਐੱਮਏ ਹਿਸਟਰੀ ਸਿਲੇਬਸ ’ਤੇ ਉੱਠੇ ਸਵਾਲ, ਸਿੱਖ ਤੇ ਪੰਜਾਬ ਇਤਿਹਾਸ ਦੇ ਵਿਸ਼ੇ ਹਟਾਉਣ ’ਤੇ ਵਿਰੋਧ

PU ਦੇ ਐੱਮਏ ਹਿਸਟਰੀ ਸਿਲੇਬਸ ’ਚੋਂ ਸਿੱਖ ਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਵਿਸ਼ੇ ਹਟਾਉਣ ਦਾ ਵਿਰੋਧ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅਕਾਦਮਿਕ ਸੈਸ਼ਨ 2026–27 ਲਈ ਐੱਨ ਈ ਪੀ ਤਹਿਤ ਐੱਮ ਏ ਹਿਸਟਰੀ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਵਿਸ਼ਿਆਂ ਨੂੰ ਹਟਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪਿਛਲੇ ਅਕਾਦਮਿਕ ਸੈਸ਼ਨ 2025–26 ਅਤੇ ਇਸ ਤੋਂ ਪਹਿਲਾਂ ਵੀ ਲਾਗੂ ਰਹੇ ਸਿਲੇਬਸ ਵਿੱਚ ਸਿੱਖ ਧਰਮ ਦੇ ਇਤਿਹਾਸ, ਸਿੱਖ ਸੰਸਥਾਵਾਂ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਮਹੱਤਵਪੂਰਨ ਹਿੱਸੇ ਸ਼ਾਮਲ ਸਨ। ਇਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਣ ਵਾਲਾ ਇਤਿਹਾਸਕ ਦੌਰ, ਸਿੱਖੀ ਦੇ ਵਿਕਾਸ ਅਤੇ ਸਿੱਖ ਸੰਸਥਾਵਾਂ ਦਾ ਵਿਕਾਸ, ਬੰਦਾ ਸਿੰਘ ਬਹਾਦਰ, ਦਲ ਖ਼ਾਲਸਾ, ਸਿੱਖ ਮਿਸਲਾਂ, ਸਿੱਖ ਰਾਜਨੀਤਿਕ ਤਾਕਤ ਦੇ ਉਭਾਰ ਅਤੇ ਮਜ਼ਬੂਤੀਕਰਨ ਦੇ ਦੌਰ ਤੋਂ ਇਲਾਵਾ ਪੰਜਾਬ ਦੇ ਇਤਿਹਾਸ ਦੇ ਵੱਖ-ਵੱਖ ਮਹੱਤਵਪੂਰਨ ਪੜਾਅ 1966 ਤੱਕ ਸ਼ਾਮਲ ਸਨ, ਜੋ ਕਿ ਲਾਜ਼ਮੀ ਸਨ।

ਐੱਮ ਏ ਹਿਸਟਰੀ ਦੇ ਪਾਠਕ੍ਰਮ ਵਿੱਚੋਂ ਸਿੱਖ ਅਤੇ ਪੰਜਾਬ ਦੇ ਇਤਿਹਾਸ ਦੇ ਇੰਨੇ ਮਹੱਤਵਪੂਰਨ ਹਿੱਸੇ ਨੂੰ ਹਟਾਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ, ਖ਼ਾਸ ਕਰਕੇ ਅਜਿਹੀ ਸੰਸਥਾ ਵਿੱਚ ਜਿਸ ਦੀ ਅਕਾਦਮਿਕ ਅਤੇ ਇਤਿਹਾਸਕ ਪਛਾਣ ਪੰਜਾਬ ਦੀ ਧਰਤੀ, ਇਸ ਦੇ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ।