ਸੜਕ ਹਾਦਸੇ ’ਚ ਇਕ ਮਹਿਲਾ ਦੀ ਮੌਤ, ਦੋ ਜਖਮੀ

ਧੂਰੀ, 8 ਜਨਵਰੀ (ਮਹੇਸ਼ ਜਿੰਦਲ)- ਲੰਘੇ ਦਿਨ ਸਥਾਨਕ ਧੂਰੀ-ਮਾਲੇਰਕੋਟਲਾ ਰੋਡ ’ਤੇ ਇਕ ਕਾਰ ਦੀ ਚਪੇਟ ’ਚ ਆਉਣ ਕਾਰਨ ਇਕ ਸਕੂਟਰੀ ’ਤੇ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ, ਜਦੋਂ ਕਿ ਦੋ ਵਿਅਕਤੀ ਜਖਮੀ ਹੋ ਗਏ। ਥਾਣਾ ਸਦਰ ਧੂਰੀ ਵਿਖੇ ਦਰਜ਼ ਕੀਤੇ ਗਏ ਮੁਕੱਦਮੇ ਅਨੁਸਾਰ ਮੁਹੰਮਦ ਰਸ਼ੀਦ ਪੁੱਤਰ ਮੁਹੰਮਦ ਸਦੀਕ ਵਾਸੀ ਮਾਲੇਰਕੋਟਲਾ ਲੰਘੇ ਦਿਨ ਆਪਣੀ ਪਤਨੀ ਨਸੀਮ ਅਤੇ ਇਕ ਹੋਰ ਰਿਸ਼ਤੇਦਾਰ ਸਾਜੀਆ ਪਤਨੀ ਰਿਆਸਤ ਅਲੀ ਵਾਸੀ ਸੇਰਵਾਨੀ ਕੋਟ (ਕੇਲੋ) ਦੇ ਨਾਲ ਇਕ ਬਿਨਾ ਨੰਬਰੀ ਸਕੂਟਰੀ ’ਤੇ ਸਵਾਰ ਹੋ ਕੇ ਮਾਲੇਰਕੋਟਲਾ ਤੋਂ ਪਿੰਡ ਬੱਬਨਪੁਰ ਨੂੰ ਆ ਰਹੇ ਸੀ। ਜਦੋਂ ਉਹ ਪਿੰਡ ਬਬਨਪੁਰ ਦੇ ਨੇੜੇ ਪੁੱਜੇ ਤਾਂ ਉਨਾਂ ਦੀ ਸਕੂਟਰੀ ਨੂੰ ਇਕ ਕਾਰ ਦੇ ਨਾਮਾਲੂਮ ਚਾਲਕ ਨੇ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਜਿਸ ਕਾਰਨ ਸਾਜੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਸਕੂਟਰੀ ਚਾਲਕ ਮੁਹੰਮਦ ਰਸੀਦ ਅਤੇ ਉਸ ਦੀ ਪਤਨੀ ਨਸੀਮ ਦੇ ਕਾਫੀ ਸੱਟਾਂ ਲੱਗੀਆਂ। ਹਾਦਸੇ ਦੌਰਾਨ ਉਨਾਂ ਦੀ ਸਕੂਟਰੀ ਵੀ ਬੁਰੀ ਤਰਾਂ ਨੁਕਸਾਨੀ ਗਈ। ਪੁਲਸ ਵਲੋਂ ਉਕਤ ਕਾਰ ਦੇ ਨਾਮਾਲੂਮ ਡਰਾਈਵਰ ਖਿਲਾਫ ਮੁਕੱਦਮਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।