ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਮਲੇਰਕੋਟਲਾ ਵਿਖੇ ਡਾ. ਬਲਰਾਮ ਸ਼ਰਮਾ ਦਾ ਸਨਮਾਨ

ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਮਲੇਰਕੋਟਲਾ ਵਿਖੇ ਡਾ. ਬਲਰਾਮ ਸ਼ਰਮਾ ਦਾ ਸਨਮਾਨ

ਮਲੇਰਕੋਟਲਾ 16 ਫਰਵਰੀ (ਅਮਰੀਸ਼ ਆਨੰਦ) :ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ, ਮਲੇਰਕੋਟਲਾ(ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਿਖੇ ਵਿਭਾਗ ਮੁਖੀ ਪ੍ਰੋ. ਡਾ. ਰੁਬੀਨਾ ਸ਼ਬਨਮ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਆਪਣੀ ਬੇਗਮ ਫ਼ਰਿਆਲ ਰਹਿਮਾਨ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਦੌਰਾਨ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ (ਖੰਨਾ) ਅਤੇ ਹਰਦੀਪ ਸਿੰਘ (ਲੁਧਿਆਣਾ) ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵੱਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਕਰਵਾਏ ਗਏ ਪੰਜ ਰੋਜ਼ਾ ਆਨਲਾਈਨ ਪ੍ਰੋਗਰਾਮ “ਐਨ ਅੰਡਰਸਟੈਂਡਿੰਗ ਆਫ਼ ਦਾ ਪਰਸੀਅਨ ਲਿਟਰੇਚਰ ਇਨ ਇੰਡੀਆ” ਵਿੱਚ ਭਾਗ ਲੈ ਕੇ ਪ੍ਰੀਖਿਆ ਵਿੱਚੋਂ ‘ਏ’ ਗ੍ਰੇਡ ਪ੍ਰਾਪਤ ਕੀਤਾ ਗਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਜਮੀਲ ਨੇ ਕਿਹਾ ਕਿ ਜ਼ੁਬਾਨ ਕਿਸੇ ਵੀ ਕੌਮ ਜਾਂ ਵਿਸ਼ੇਸ਼ ਜਮਾਤ ਦੀ ਨਹੀਂ ਹੁੰਦੀ ਅਤੇ ਡਾ. ਬਲਰਾਮ ਸ਼ਰਮਾ ਅਤੇ ਹਰਦੀਪ ਸਿੰਘ ਵਰਗੇ ਵਿਦਿਆਰਥੀਆਂ ਦਾ ਉਰਦੂ, ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਵੱਲ ਰੁਝਾਨ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਵੱਲੋਂ ਪ੍ਰੋ. ਡਾ. ਰੁਬੀਨਾ ਸ਼ਬਨਮ, ਡਾ. ਯਾਵਰ ਮੀਰ ਅਬਾਸ ਅਤੇ ਸਮੁੱਚੀ ਟੀਮ ਦੀ ਵੀ ਪ੍ਰਸ਼ੰਸਾ ਕੀਤੀ ਗਈ।ਇਸ ਮੌਕੇ ਸ਼ਾਮ-ਏ-ਮੁਸ਼ਾਇਰਾ ਦਾ ਆਯੋਜਨ ਵੀ ਕੀਤਾ ਗਿਆ, ਜਿਸ ਦੌਰਾਨ ਮਰਹੂਮ ਸ਼ਾਇਰ ਸਾਹਿਰ ਲੁਧਿਆਣਵੀ ਨੂੰ ਯਾਦ ਕੀਤਾ ਗਿਆ। ਪ੍ਰੋ. ਡਾ. ਰੁਬੀਨਾ ਸ਼ਬਨਮ, ਰਾਮ ਕਮਲ (ਦੋਰਾਹਾ), ਡਾ. ਬਲਰਾਮ ਸ਼ਰਮਾ ਅਤੇ ਅਨਵਾਰ ਅੰਜੁਮ ਵੱਲੋਂ ਉਰਦੂ ਅਤੇ ਫ਼ਾਰਸੀ ਕਲਾਮ ਪੇਸ਼ ਕੀਤਾ ਗਿਆ।ਇਸ ਦੌਰਾਨ ਲੇਖਕ ਰਾਮ ਕਮਲ (ਦੋਰਾਹਾ) ਵੱਲੋਂ ਆਪਣੀਆਂ ਪੁਸਤਕਾਂ “ਜ਼ਿੰਦਗੀ ਦੀ ਧੁੱਪ ਤੇ ਛਾਂ” ਅਤੇ “ਨਈਂ ਮੰਜ਼ਿਲ ਕੀ ਔਰ” ਵਿਧਾਇਕ ਡਾ. ਜਮੀਲ ਅਤੇ ਪ੍ਰੋ. ਡਾ. ਰੁਬੀਨਾ ਸ਼ਬਨਮ ਨੂੰ ਅਦਾਰੇ ਦੀ ਲਾਇਬ੍ਰੇਰੀ ਲਈ ਭੇਟ ਕੀਤੀਆਂ ਗਈਆਂ।ਇਸ ਮੌਕੇ ਅਨਵਾਰ ਅੰਜੁਮ, ਡਾ. ਮੁਹੰਮਦ ਗਫੂਰ, ਡਾ. ਮੁਹੰਮਦ ਰਮਜ਼ਾਨ, ਮੁਹੰਮਦ ਅਸ਼ਰਫ, ਮੁਹੰਮਦ ਗੁਲਜ਼ਾਰ, ਅਬਦੁਲ ਸ਼ਕੂਰ, ਮੁਹੰਮਦ ਸਾਜਿਦ, ਸਲੀਮ ਅਹਿਮਦ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਮੌਜੂਦ ਸਨ।