ਚੌਂਕੜੇ ਦੀ ਥਾਂ ਮੇਜ ਤੇ ਲੱਤਾਂ – ਦਮਦਮੀ ਟਕਸਾਲ ਮੁਖੀ ਦੀ ਹਰਕਤ ’ਤੇ ਸੰਗਤਾਂ ਦਾ ਗੁੱਸਾ
- ਪੰਥਕ ਮਸਲੇ ਅਤੇ ਖ਼ਬਰਾਂ
- 11 Dec,2025
ਅੰਮ੍ਰਿਤਸਰ, 11 ਦਸੰਬਰ (ਪੰਜਾਬ ਇੰਫੋਲਾਈਨ): ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਗਰਮਾਹਟ ਪੈਦਾ ਕਰ ਦਿੱਤੀ ਹੈ। ਇਹ ਵੀਡੀਓ ਨਾਗਪੁਰ, ਮਹਾਰਾਸ਼ਟਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਦੀ ਹੈ, ਜਿਸ ਵਿੱਚ ਬਾਬਾ ਧੁੰਮਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੇਜ ਉੱਤੇ ਲੱਤਾਂ ਲਮਕਾ ਕੇ ਬੈਠਿਆ ਹੋਇਆ ਦਿਖਾਈ ਦੇ ਰਿਹਾ ਹੈ।
ਉਸ ਸਮੇਂ ਉਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਣਵੀਸ ਸਮੇਤ ਹੋਰ ਸਿਆਸੀ ਅਤੇ ਧਾਰਮਿਕ ਆਗੂ ਵੀ ਮੌਜੂਦ ਸਨ। ਇਸ ਨਜ਼ਾਰੇ ਨੇ ਸਿੱਖ ਸੰਗਤ ਵਿੱਚ ਗਹਿਰੀ ਚਿੰਤਾ ਤੇ ਰੋਸ ਪੈਦਾ ਕਰ ਦਿੱਤਾ ਹੈ। ਲੋਕ ਪੁੱਛ ਰਹੇ ਹਨ ਕਿ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਸਾਫ਼ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਚੌਂਕੜਾ ਮਾਰ ਕੇ ਬੈਠਣਾ ਲਾਜ਼ਮੀ ਹੈ ਤੇ ਕੁਰਸੀਆਂ-ਮੇਜਾਂ ਵਰਤਣੀ ਮਨਾਂ ਹੈ, ਤਾਂ ਬਾਬਾ ਧੁੰਮਾ ਵਰਗਾ ਉੱਚਾ ਅਹੁਦੇਦਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਿਵੇਂ ਕਰ ਸਕਦਾ ਹੈ?
ਸੰਗਤਾਂ ਵੱਲੋਂ ਇਹ ਵੀ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਇਹ ਸਮਾਗਮ ਇੱਕ ਧਾਰਮਿਕ ਇਕੱਤਰ ਸੀ ਜਾਂ ਸਿਰਫ਼ ਇੱਕ ਰੈਲੀ, ਜਿਸ ਵਿਚ ਸਟੇਜ ਤੇ ਬੈਠਣ ਦੇ ਨਿਯਮ ਹੀ ਬਦਲੇ ਗਏ? ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਵਾਲੀ ਟਕਸਾਲ ਜੇਕਰ ਆਪ ਹੀ RSS ਤੇ BJP ਆਗੂਆਂ ਨੂੰ ਖੁਸ਼ ਕਰਨ ਲਈ ਧਾਰਮਿਕ ਮਰਯਾਦਾ ਦੀ ਉਲੰਘਣਾ ਕਰ ਰਹੀ ਹੈ, ਤਾਂ ਇਹ ਕੌਮ ਲਈ ਚਿੰਤਾ ਦੀ ਗੱਲ ਹੈ।
ਬਾਬਾ ਧੁੰਮਾ ਪਹਿਲਾਂ ਵੀ ਵਿਵਾਦਾਂ ’ਚ ਰਹਿ ਚੁੱਕਾ ਹੈ – ਚਾਹੇ ਉਹ ਕੁੰਭ ਮੇਲੇ ’ਚ ਗੰਗਾ ’ਚ ਨ੍ਹਾਉਣ ਦੀ ਗੱਲ ਹੋਵੇ ਜਾਂ BJP ਨਾਲ ਨਜਦੀਕੀਆਂ ਦੀ। ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀ, ਭਾਈ ਅਮਰੀਕ ਸਿੰਘ ਅਜਨਾਲਾ ਵਰਗੇ, ਉਸ ਦੀ ਅਗਵਾਈ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ।
ਇਸ ਤੋਂ ਪਹਿਲਾਂ ਵੀ ਬਾਬਾ ਸੁਖਦੇਵ ਸਿੰਘ ਭੁੱਚੋ ਵੱਲੋਂ ਗੁਰੂ ਦੀ ਹਜ਼ੂਰੀ ’ਚ ਕੁਰਸੀ ਉੱਤੇ ਬੈਠਣ ਦੀ ਗੱਲ ਤੇ ਵਿਵਾਦ ਉੱਠ ਚੁੱਕਾ ਹੈ, ਜਿੱਥੇ ਬਾਬੇ ਦੇ ਸਮਰਥਕਾਂ ਨੇ ਸਰੀਰਕ ਤਕਲੀਫ ਦੀ ਦਲੀਲ ਦਿੱਤੀ ਸੀ। ਪਰ ਬਾਬਾ ਧੁੰਮਾ ਦੀ ਵੀਡੀਓ ਵਿੱਚ ਉਹ ਸਰੀਰਕ ਤੰਦਰੁਸਤ ਦਿਖਾਈ ਦੇ ਰਿਹਾ ਹੈ, ਜੋ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਇਹ ਸਿਰਫ਼ ਅਹੰਕਾਰ ਜਾਂ ਅਣਗੱਲ ਹੈ?

ਹੁਣ ਸਾਰੇ ਦੀਆਂ ਨਿਗਾਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਵਾਈ ਵੱਲ ਹਨ – ਕੀ ਧੁੰਮੇ ਅਤੇ ਹੋਰ ਆਗੂਆਂ ਨੂੰ ਤਲਬ ਕੀਤਾ ਜਾਵੇਗਾ ਜਾਂ ਇਹ ਮਾਮਲਾ ਵੀ ਹੋਰਾਂ ਵਾਂਗ ਰਫਾ-ਦਫਾ ਕਰ ਦਿੱਤਾ ਜਾਵੇਗਾ?
Posted By:
Gurjeet Singh