ਚੇਤਨ ਸਿੰਘ ਜੌੜਾਮਾਜਰਾ ਨੇ ਵੀ ਛੱਡੀ ਵਿਧਾਇਕੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਅਸਤੀਫ਼ਾ

ਚੇਤਨ ਸਿੰਘ ਜੌੜਾਮਾਜਰਾ ਨੇ ਵੀ ਛੱਡੀ ਵਿਧਾਇਕੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਅਸਤੀਫ਼ਾ

Punjab MLA Resignation: ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਈ-ਮੇਲ ਰਾਹੀਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣਾ ਅਸਤੀਫ਼ਾ ਭੇਜਿਆ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਦਸਤਖ਼ਤਾਂ ਸਮੇਤ ਅਸਤੀਫ਼ੇ ਦੀ ਕਾਪੀ ਮੁੜ ਭੇਜੀ ਹੈ।

ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਤਿੰਨ ਵਿਧਾਇਕਾਂ ਵਿੱਚੋਂ ਹਰਮੀਤ ਸਿੰਘ ਪਠਾਨਮਾਜਰਾ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਪਹਿਲਾਂ ਹੀ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਚੁੱਕੇ ਹਨ। ਹੁਣ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਵਿਧਾਨ ਸਭਾ ਦੀ ਮੈਂਬਰੀ ਛੱਡ ਦਿੱਤੀ ਹੈ।

ਸਪੀਕਰ ਨੇ 5 ਨਵੰਬਰ ਨੂੰ ਸੁਣਵਾਈ ਲਈ ਜਾਰੀ ਕੀਤਾ ਸੀ ਨੋਟਿਸ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਮਵਾਰ ਨੂੰ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਇਸ ਮਾਮਲੇ ਦੀ ਸੁਣਵਾਈ 5 ਨਵੰਬਰ ਨੂੰ ਤੈਅ ਕੀਤੀ ਗਈ ਸੀ। ਹਾਲਾਂਕਿ, ਜੌੜਾਮਾਜਰਾ ਨੇ ਸੁਣਵਾਈ ਤੋਂ ਪਹਿਲਾਂ ਹੀ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਇਸ ਤੋਂ ਪਹਿਲਾਂ ‘ਆਪ’ ਦੀ ਚੀਫ਼ ਵ੍ਹਿਪ ਬਲਜਿੰਦਰ ਕੌਰ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਭਾਰਤੀ ਸੰਵਿਧਾਨ ਦੀ ਦਸਵੀਂ ਅਨੁਸੂਚੀ ਦਾ ਹਵਾਲਾ ਦਿੰਦਿਆਂ ਚੇਤਨ ਸਿੰਘ ਜੌੜਾਮਾਜਰਾ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਸੀ।

ਸਮਾਣਾ ਸੀਟ ਵੀ ਹੋ ਸਕਦੀ ਹੈ ਖ਼ਾਲੀ

ਜੌੜਾਮਾਜਰਾ ਵੱਲੋਂ ਅਸਤੀਫ਼ਾ ਦੇਣ ਮਗਰੋਂ ਹੁਣ ‘ਆਪ’ ਵੱਲੋਂ ਦਾਇਰ ਪਟੀਸ਼ਨ ਦੀ ਕਾਨੂੰਨੀ ਵਾਜਬਤਾ ਨਹੀਂ ਰਹਿ ਗਈ ਹੈ। ਅੰਮ੍ਰਿਤਸਰ ਉੱਤਰੀ ਅਤੇ ਸਨੌਰ ਸੀਟਾਂ ਤੋਂ ਬਾਅਦ ਹੁਣ ਹਲਕਾ ਸਮਾਣਾ ਦੀ ਸੀਟ ਵੀ ਕਿਸੇ ਵੇਲੇ ਖ਼ਾਲੀ ਐਲਾਨੀ ਜਾ ਸਕਦੀ ਹੈ।